ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਸਦੀਆਂ ਤੋਂ ਚਲੀ ਆ ਰਹੀ ਪੁਰਾਤਨ ਮਰਿਯਾਦਾ ਅਨੁਸਾਰ ਇਸ ਸਾਲ ਵੀ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ 'ਤਖ਼ਤ ਇਸ਼ਨਾਨ' ਮਨਾਇਆ ਗਿਆ | ਤਖ਼ਤ ਇਸ਼ਨਾਨ ਵਾਲੇ ਦਿਨ ਤਖ਼ਤ ਸਾਹਿਬ ਨੂੰ ਅੰਦਰਲੇ ਅਤੇ ਬਾਹਰਲੇ ਪਾਸੋਂ ਸੰਗਤਾਂ ਵਲੋਂ ਦੁੱਧ ਅਤੇ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ | ਨਾਲ ਹੀ ਗੁਰੂ ਮਹਾਰਾਜ ਦੇ ਪੁਰਾਤਨ ਸ਼ਸਤਰ ਅੰਗੀਠਾ ਸਾਹਿਬ ਤੋਂ ਬਾਹਰ ਵੱਖਰੇ ਹਾਲ ਵਿਚ ਸਜਾਏ ਜਾਂਦੇ ਹਨ ਅਤੇ ਸ਼ਰਧਾਵਾਨ ਸੰਗਤਾਂ ਵਲੋਂ ਇਨ੍ਹਾਂ ਸ਼ਸਤਰਾਂ ਦੀ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ | ਇਸ ਸਾਲ ਵੀ ਤਖ਼ਤ ਇਸ਼ਨਾਨ ਦੀ ਸੇਵਾ ਤਖ਼ਤ ਸਾਹਿਬ ਵਿਖੇ ਮੀਤ ਜਥੇਦਾਰ ਸੰਤ ਬਾਬਾ ਜੋਤਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਤਕਰੀਬਨ 10:15 ਵਜੇ ਆਰੰਭ ਹੋਈ, ਜਿਸ ਸੇਵਾ ਵਿਚ ਆਪਣਾ ਹਿੱਸਾ ਪਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਸ਼ਾਮਿਲ ਹੋਈਆਂ | ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਆਈ.ਏ.ਐਸ. ਵਲੋਂ ਤਖ਼ਤ ਇਸ਼ਨਾਨ ਲਈ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬੋਰਡ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਰਾਤਨ ਮਰਿਯਾਦਾ ਅਨੁਸਾਰ 'ਤਖ਼ਤ ਇਸ਼ਨਾਨ' ਮਨਾਇਆ <br/>
ਅਜੀਤ ਡੈਸਕ
22-10-2025