25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਲੋਂ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀ ਵਧਾਈ <br/>

ਅਜੀਤ ਡੈਸਕ 22-10-2025

• ਪੀ. ਐੱਮ. ਹਾਊਸ ਇਸਲਾਮਾਬਾਦ 'ਚ ਕੇਕ ਕੱਟ ਕੇ ਮਨਾਈ ਗਈ ਦੀਵਾਲੀ
• ਹਿੰਦੂ ਸੈਨੇਟਰ ਖੇਲ ਦਾਸ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਰਾਵਣ ਨਾਲ ਤੁਲਨਾ

ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਾਕਿ ਦੇ ਹਿੰਦੂ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਆਪਣੇ ਸੰਦੇਸ਼ 'ਚ ਜ਼ਰਦਾਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ 'ਤੇ ਰੌਸ਼ਨੀ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਪਾਕਿ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰਾਂ ਅਤੇ ਧਰਮ ਦੀ ਪੂਰੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ | ਆਪਣੇ ਸੰਦੇਸ਼ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਰੇ ਭਾਈਚਾਰਿਆਂ ਨੂੰ ਤਰੱਕੀ ਲਈ ਬਰਾਬਰ ਅਧਿਕਾਰ ਅਤੇ ਮੌਕੇ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ, ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੀ ਦੀਵਾਲੀ ਮੌਕੇ ਹਿੰਦੂ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਮਰੀਅਮ ਨਵਾਜ਼ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਦੀ ਰੌਸ਼ਨੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ | ਬਿਲਾਵਲ ਭੁੱਟੋ ਨੇ ਕਿਹਾ ਕਿ ਇਹ ਤਿਉਹਾਰ ਸਾਰਿਆਂ ਨੂੰ ਯਾਦ ਦਿਵਾਉਂਦਾ ਹੈ ਕਿ ਰੌਸ਼ਨੀ ਹਮੇਸ਼ਾ ਹਨੇਰੇ 'ਤੇ ਜਿੱਤ ਪ੍ਰਾਪਤ ਕਰਦੀ ਹੈ | ਇਸਲਾਮਾਬਾਦ ਦੇ ਪ੍ਰਧਾਨ ਮੰਤਰੀ ਹਾਊਸ 'ਚ ਦੀਵਾਲੀ ਦਾ ਤਿਉਹਾਰ ਬਕਾਇਦਾ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਧਾਰਮਿਕ ਮਾਮਲਿਆਂ ਦੇ ਰਾਜ ਮੰਤਰੀ ਖੇਲ ਦਾਸ ਕੋਹਿਸਤਾਨੀ, ਸੈਨੇਟਰ ਦਿਨੇਸ਼ ਕੁਮਾਰ, ਦਰਸ਼ਨ ਸਿੰਘ ਅਤੇ ਸੀਨੀਅਰ ਮੰਤਰੀ ਅਤੇ ਫ਼ੌਜ ਦੇ ਅਧਿਕਾਰੀ ਵੀ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ 'ਚ ਰਾਮ, ਸੀਤਾ ਅਤੇ ਲਛਮਣ ਬਣੇ ਮੁਸਲਿਮ ਕਲਾਕਾਰਾਂ ਨੇ ਜੋਤਿ ਜਗਾ ਕੇ ਕੀਤੀ | ਸਮਾਗਮ ਦੌਰਾਨ ਹਿੰਦੂ ਮੰਤਰੀ ਕੋਹਿਸਤਾਨੀ ਨੇ ਪਹਿਲਗਾਮ ਹਮਲੇ ਦਾ ਜ਼ਿਕਰ ਛੇੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਨ ਨਾਲ ਕੀਤੀ | ਇਸ ਮੌਕੇ ਪਾਕਿ ਵਿਚਲੇ ਘੱਟ ਗਿਣਤੀ ਭਾਈਚਾਰਿਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਘੱਟ ਗਿਣਤੀ ਕਾਰਡ ਵੀ ਜਾਰੀ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਗੁਰੂ ਤੇਗ਼ ਬਹਾਦਰ ਜੀ ਦੀ ਵਿਰਾਸਤ ਤੇ ਸ਼ਹਾਦਤ ਬਾਰੇ ਕਰਵਾਏ ਜਾਣਗੇ ਸੈਮੀਨਾ... ਅਗਲੀ ਖ਼ਬਰ ਪਾਕਿ 'ਚ ਲਗਜ਼ਰੀ ਵਸਤੂ ਬਣੇ ਟਮਾਟਰ, ਭਾਅ ਪ੍ਰਤੀ ਕਿੱਲੋਗ੍ਰਾਮ 750 ਰੁਪਏ ਤੋਂ ਪਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।