ਤਰਨ ਤਾਰਨ, 4 ਦਸੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮਨਦੀਪ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਪੈਨਸ਼ਨਰ (ਸੇਵਾ ਮੁਕਤ ਹੋਏ) ਨੂੰ ਸੂਚਿਤ ਕੀਤਾ ਹੈ ਕਿ ਪੈਨਸ਼ਨ ਸੰਬੰਧੀ ਹਰ ਤਰ੍ਹਾਂ ਦੇ ਕੰਮ ਅਤੇ ਪੈਨਸ਼ਨ, ਪੈਨਸ਼ਨ ਰਿਵੀਜ਼ਨ ਅਤੇ ਲਾਈਫ ਸਰਟੀਫਿਕੇਟ ਵਰਗੇ ਮਹੱਤਵਪੂਰਨ ਕੰਮਾਂ ਲਈ ਵਿੱਤ ਵਿਭਾਗ ਵਲੋਂ ਜੋ ਪੈਨਸ਼ਨਰ ਸੇਵਾ ਪੋਰਟਲ ਲਾਂਚ ਕੀਤਾ ਗਿਆ ਹੈ, ਲਈ ਹਰ ਪੈਨਸ਼ਨਰ ਨੂੰ ਈ-ਕੇ.ਵਾਈ.ਸੀ. ਕਰਾਉਣੀ ਲਾਜ਼ਮੀ ਹੈ | ਈ-ਕੇ.ਵਾਈ.ਸੀ. ਲਈ, ਵਿੱਤ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਮਿਤੀ 04 ਦਸੰਬਰ 2025 ਤੋਂ 06 ਦਸੰਬਰ 2025 ਤੱਕ ਪੈਨਸ਼ਨਰ ਸੇਵਾ ਮੇਲਾ ਦੋਬਾਰਾ ਕਰਵਾਇਆ ਜਾ ਰਿਹਾ ਹੈ | ਇਸ ਲਈ ਰਹਿੰਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 04 ਦਸੰਬਰ 2025, 05 ਦਸੰਬਰ 2025 ਅਤੇ 06 ਦਸੰਬਰ 2025 ਨੂੰ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਤਰਨ ਤਾਰਨ ਵਿਖੇ ਲਗਾਏ ਪੈਨਸ਼ਨਰ ਸੇਵਾ ਮੇਲੇ ਵਿਚ ਆਪਣੀ ਈ-ਕੇ.ਵਾਈ.ਸੀ. ਕਰਵਾ ਕੇ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਉਠਾਉਣ | ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਪੱਟੀ ਵਾਲੇ ਪੈਨਸ਼ਨਰ ਖਜ਼ਾਨਾ ਦਫ਼ਤਰ ਪੱਟੀ ਵਿਖੇ ਪਹੁੰਚਣ ਅਤੇ ਤਹਿਸੀਲ ਖਡੂਰ ਸਾਹਿਬ ਵਾਲੇ ਪੈਨਸ਼ਨਰ ਖਜ਼ਾਨਾ ਦਫ਼ਤਰ ਖਡੂਰ ਸਾਹਿਬ ਵਿਖ਼ੇ ਪਹੁੰਚ ਕੇ ਮੇਲੇ ਦਾ ਲਾਭ ਉਠਾਉਣ | ਇਸ ਪੈਨਸ਼ਨਰ ਸੇਵਾ ਮੇਲਾ ਵਿਚ ਪਹੁੰਚਣ ਵਾਲੇ ਪੈਨਸ਼ਨਰਾਂ ਪਾਸ ਈ-ਕੇ.ਵਾਈ.ਸੀ ਲਈ ਲੋੜੀਂਦਾ ਉਨ੍ਹਾਂ ਦਾ ਪੀ.ਪੀ.ਓ., ਆਧਾਰ ਕਾਰਡ, ਪਾਂਡ ਸ਼ਾਨ ਬੁੱਕ ਅਤੇ ਆਧਾਰ ਨਾਲ ਲਿੰਕ ਮੋਬਾਈਲ ਫੋਨ ਹੋਣਾ ਲਾਜ਼ਮੀ ਹੈ | ਜ਼ਿਲ੍ਹਾ ਖਜ਼ਾਨਾ ਅਫ਼ਸਰ ਤਰਨ ਤਾਰਨ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਹੜੇ ਪੈਨਸ਼ਨਰਾਂ ਵਲੋਂ ਈ-ਕੇ.ਵਾਈ.ਸੀ. ਨਹੀਂ ਕਰਵਾਈ ਜਾਵੇਗੀ, ਉਨ੍ਹਾਂ ਨੂੰ ਭਵਿੱਖ ਵਿਚ ਮਿਲਣ ਵਾਲੀ ਪੈਨਸ਼ਨ ਪ੍ਰਾਪਤ ਕਰਨ ਵਿਚ ਦਿੱਕਤ ਆ ਸਕਦੀ ਹੈ ਜਾਂ ਪੈਨਸ਼ਨ 'ਤੇ ਰੋਕ ਵੀ ਲੱਗ ਸਕਦੀ ਹੈ |