05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ਼ੇਰ-ਏ-ਪੰਜਾਬ ਦੇ ਇਤਿਹਾਸਕ ਰਾਮ ਬਾਗ ਦੀਆਂ ਬਾਹਰੀ ਕੰਧਾਂ ਨੂੰ ਲੱਗਣਗੇ ਚਾਰ ਚੰਨ

ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ’ਚ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ (ਕੰਪਨੀ ਬਾਗ) ਦੀਆਂ ਕੰਧਾਂ ਦੀ ਦਿੱਖ ਨੂੰ ਨਿਖਾਰਨ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਹੁਲਾਰਾ ਦੇਣ ਲਈ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਬਾਗ ਦੀਆਂ ਬਾਹਰੀ ਕੰਧਾਂ ਨੂੰ ਆਕਰਸ਼ਕ ਬਣਾਉਣ ਲਈ ਕਲਾਕਾਰਾਂ ਵਲੋਂ ਉਨ੍ਹਾਂ ’ਤੇ ਰੰਗ-ਬਿਰੰਗੇ ਫੁੱਲਾਂ, ਪੱਤੀਆਂ ਅਤੇ ਕੁਦਰਤੀ ਦ੍ਰਿਸ਼ਾਂ ਦੇ ਮਨਮੋਹਕ ਡਿਜ਼ਾਈਨ ਉਲੀਕੇ ਜਾ ਰਹੇ ਹਨ।

ਅਜੀਤ ਡੈਸਕ 05-10-2026
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ’ਚ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ (ਕੰਪਨੀ ਬਾਗ) ਦੀਆਂ ਕੰਧਾਂ ਦੀ ਦਿੱਖ ਨੂੰ ਨਿਖਾਰਨ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਹੁਲਾਰਾ ਦੇਣ ਲਈ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਬਾਗ ਦੀਆਂ ਬਾਹਰੀ ਕੰਧਾਂ ਨੂੰ ਆਕਰਸ਼ਕ ਬਣਾਉਣ ਲਈ ਕਲਾਕਾਰਾਂ ਵਲੋਂ ਉਨ੍ਹਾਂ ’ਤੇ ਰੰਗ-ਬਿਰੰਗੇ ਫੁੱਲਾਂ, ਪੱਤੀਆਂ ਅਤੇ ਕੁਦਰਤੀ ਦ੍ਰਿਸ਼ਾਂ ਦੇ ਮਨਮੋਹਕ ਡਿਜ਼ਾਈਨ ਉਲੀਕੇ ਜਾ ਰਹੇ ਹਨ। ਦੱਸਣਯੋਗ ਹੈ ਕਿ ਬਾਗ ਦੇ ਅੱਧ ਵਿਚਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਿਹਾਇਸ਼ ਲਈ ਉਸਾਰੇ ਆਲੀਸ਼ਾਨ ਸਮਰ ਪੈਲੇਸ ਦੀ ਸੁਰੱਖਿਆ ਲਈ ਬਾਗ ਦੀ ਪੁਰਾਣੀ ਇਤਿਹਾਸਕ ਕੰਧ ਸੰਨ 1819 ’ਚ ਉਸਾਰੀ ਗਈ ਸੀ ਅਤੇ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਅੰਗਰੇਜ਼ੀ ਸ਼ਾਸਨ ਵੇਲੇ ਉਸ ਨੂੰ ਢਾਹ ਦਿੱਤਾ ਗਿਆ। ਪੁਰਾਣੀ ਕੰਧ 14 ਫੁੱਟ ਉੱਚੀ ਅਤੇ ਲਗਭਗ ਸਾਢੇ 4 ਫੁੱਟ ਚੌੜੀ ਸੀ। ਇਸ ਦੇ ਚਾਰੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ 5 ਫੁੱਟ ਡੂੰਘੀ ਖਾਈ ਵੀ ਬਣਾਈ ਗਈ ਸੀ, ਜਿਸ ’ਚ ਪਾਣੀ ਛੋਟੀ ਨਹਿਰ ’ਚੋਂ ਭਰਿਆ ਜਾਂਦਾ ਸੀ। ਲਗਭਗ ਦੋ ਦਹਾਕੇ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਬਾਗ ਦੇ ਚੁਫੇਰੇ 5.5 ਫੁੱਟ ਉੱਚੀ ਕੰਧ ਉਸਾਰੀ ਗਈ । ਇਸ ਤੋਂ ਬਾਅਦ ਹਿਰਦੇ ਪ੍ਰੋਜੈਕਟ ਦੇ ਅਧੀਨ ਸੀ. ਪੀ. ਡਬਲਿਊ. ਨਾਲ ਮਿਲ ਕੇ ਪੁਰਾਣੀ ਇਤਿਹਾਸਕ ਕੰਧ ਦੀ ਨਿਸ਼ਾਨਦੇਹੀ ’ਤੇ ਬਾਗ ’ਚ ਚੁਫੇਰੇ ਇਕ ਹੋਰ 50 ਸੈਂਟੀਮੀਟਰ ਉੱਚੀ ਅਤੇ ਇਕ ਮੀਟਰ 40 ਸੈਂਟੀਮੀਟਰ ਚੌੜੀ ਨਵੀਂ ਕੰਧ (ਬੰਨੀ) ਉਸਾਰੀ ਗਈ। ਰਾਮ ਬਾਗ ਸ਼ਹਿਰ ਦਾ ਪ੍ਰਮੁੱਖ ਹਰਾ-ਭਰਾ ਖੇਤਰ ਹੋਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਜੁੜੀ ਇਕ ਅਹਿਮ ਇਤਿਹਾਸਕ ਧਰੋਹਰ ਵੀ ਹੈ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਸਥਾਨਕ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਦੇਸ਼-ਵਿਦੇਸ਼ ਤੋਂ ਸੈਲਾਨੀ ਵੀ ਇਸ ਵਿਰਾਸਤ ਨੂੰ ਵੇਖਣ ਪਹੁੰਚਦੇ ਹਨ। ਮਿਊਂਸੀਪਲ ਕਾਰਪੋਰੇਸ਼ਨ ਵਲੋਂ ਬਾਗ ਦੇ ਚੁਫੇਰੇ ਉਸਾਰੀ ਬਾਹਰੀ ਕੰਧ ’ਤੇ ਲੰਮੇ ਸਮੇਂ ਤੋਂ ਲੱਗਣ ਵਾਲੇ ਬੇਲੋੜੇ ਪੋਸਟਰਾਂ ਅਤੇ ਗੰਦਗੀ ਕਾਰਨ ਬਾਗ ਦੀ ਬਾਹਰੀ ਦਿੱਖ ਖ਼ਰਾਬ ਹੋ ਰਹੀ ਸੀ। ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਕੰਧਾਂ ਨੂੰ ਸਾਫ਼ ਕਰਕੇ ਉਨ੍ਹਾਂ ’ਤੇ ਕਲਾਤਮਕ ਢੰਗ ਨਾਲ ਹਰਿਆਵਲ ਅਤੇ ਫੁੱਲ-ਬੂਟਿਆਂ ਵਾਲੀ ‘ਵਾਲ ਆਰਟ’ ਤਿਆਰ ਕੀਤੀ ਜਾ ਰਹੀ ਹੈ। ਕੰਧਾਂ ’ਤੇ ਉੱਕਰੀ ਜਾ ਰਹੀ ਇਹ ਕਲਾ ਨਾ ਸਿਰਫ਼ ਵਾਤਾਵਰਨ ਪੱਖੀ ਸੁਨੇਹਾ ਦੇ ਰਹੀ ਹੈ, ਸਗੋਂ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਸੈਲਾਨੀਆਂ ਦਾ ਧਿਆਨ ਵੀ ਆਪਣੇ ਵੱਲ ਖਿੱਚ ਰਹੀ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਸੁੰਦਰਤਾ ’ਚ ਵਾਧਾ ਹੁੰਦਾ ਹੈ। ਲੋਕਾਂ ਨੇ ਇਹ ਅਪੀਲ ਵੀ ਕੀਤੀ ਕਿ ਇਨ੍ਹਾਂ ਕੰਧਾਂ ਦੀ ਸੰਭਾਲ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਇਨ੍ਹਾਂ ’ਤੇ ਮੁੜ ਪੋਸਟਰ ਲਗਾ ਕੇ ਜਾਂ ਗੰਦਗੀ ਫੈਲਾ ਕੇ ਕਲਾਕ੍ਰਿਤੀਆਂ ਨੂੰ ਖ਼ਰਾਬ ਨਾ ਕਰੇ।
ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ ’ ਚ ਆਏ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ’ਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।