14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁਰਦੁਆਰਾ ਘੰਟਾ ਘਰ ਦੀ ਜ਼ਮੀਨ ਨੂੰ ਲੈ ਕੇ ਆਲਮਗੀਰ ਦੀ ਪੰਚਾਇਤ ਨੇ ਬੁਲਾਇਆ ਆਮ ਇਜਲਾਸ

ਅਜੀਤ ਡੈਸਕ 17-05-2026
ਕਾਲਾ ਸੰਘਿਆਂ, 13 ਮਈ (ਬਲਜੀਤ ਸਿੰਘ ਸੰਘਾ)-ਸਥਾਨਕ ਆਲਮਗੀਰ ਦੀ ਪੰਚਾਇਤ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਥਾਨਕ ਗੁਰਦੁਆਰਾ ਘੰਟਾ ਘਰ ਦੀ ਜ਼ਮੀਨ ਦੇ ਕਾਸ਼ਤਕਾਰ, ਮਾਲਕੀ ਤੇ ਹੋਰ ਵਿਸ਼ਿਆਂ ਨੂੰ ਲੈ ਕੇ ਬੀਤੇ ਦਿਨੀਂ ਗੁਰਦੁਆਰਾ ਘੰਟਾ ਘਰ ਦੇ ਹਾਲ ਵਿਖੇ ਪਿੰਡ ਦਾ ਆਮ ਇਜਲਾਸ ਬੁਲਾਇਆ ਗਿਆ | ਜਿਸ ਦੌਰਾਨ ਜ਼ਮੀਨ ਸਮੇਤ ਹੋਰ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਅਤੇ ਤਿੱਖੀ ਬਹਿਸਬਾਜ਼ੀ ਹੋਈ | ਇਸ ਮੌਕੇ ਆਲਮਗੀਰ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਫ਼ੁਲ ਤੇ ਹੋਰ ਲੋਕਾਂ ਨੇ ਪਿਛਲੇ ਸਾਲਾਂ ਦੌਰਾਨ ਜ਼ਮੀਨ ਚੋਂ ਹੋਈ ਆਮਦਨ ਦੇ ਹਿਸਾਬ, ਇਕ ਹੀ ਪਰਿਵਾਰ ਵੱਲੋਂ ਇਸ ਜ਼ਮੀਨ ਦੀ ਦਹਾਕਿਆਂ ਤੋਂ ਕੀਤੀ ਜਾਂਦੀ ਖੇਤੀ ਅਤੇ ਪਿਛਲੇ ਕਰੀਬ ਇਕ ਦਹਾਕੇ ਪਹਿਲਾਂ ਇਸੇ ਜ਼ਮੀਨ ਵਿਚੋਂ ਲੰਘੀ ਗੈਸ ਦੀ ਪਾਈਪ ਲਾਈਨ ਦੇ ਮਿਲ਼ੇ ਮੁਆਵਜ਼ੇ ਦੇ ਪੈਸਿਆਂ ਦੇ ਲੈਣ ਦੇਣ ਸਬੰਧੀ ਤਿੱਖੇ ਸਵਾਲ ਪੁੱਛੇ ਗਏ, ਜਿਸ ਤੇ ਦੋਹਾਂ ਧਿਰਾਂ ਦਰਮਿਆਨ ਕਾਫ਼ੀ ਬਹਿਸਬਾਜ਼ੀ ਤੇ ਤਕਰਾਰਬਾਜ਼ੀ ਹੋਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜ਼ਮੀਨ ਦੀ ਆਈ ਆਮਦਨ ਚੋਂ ਪਿੰਡ ਦੇ ਕਰਵਾਏ ਕੰਮਾਂ ਬਾਰੇ ਦੱਸਿਆ ਇਸੇ ਦੌਰਾਨ ਫਿਰ ਕਾਫ਼ੀ ਹੱਦ ਤੱਕ ਆਪਸੀ ਤੂੰ ਤੂੰ ਮੈਂ ਮੈਂ ਵੀ ਹੋਈ | ਇਕੱਤਰ ਸਥਾਨਕ ਲੋਕਾਂ ਨੇ ਗੁਰਦੁਆਰਾ ਘੰਟਾ ਘਰ ਸਮੇਤ ਹੋਰ ਗੁਰਦੁਆਰਿਆਂ ਅਤੇ ਸਥਾਨਕ ਮੰਦਿਰ ਦੀ ਜ਼ਮੀਨ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਜਨਤਕ ਕਰਨ ਤੇ ਇਹਨਾਂ ਸਥਾਨਾਂ ਦੀ ਜ਼ਮੀਨ ਦੀ ਬਾਕੀ ਬਚਦੀ ਆਮਦਨ ਪਿੰਡ ਦੇ ਵਿਕਾਸ ਕਾਰਜਾਂ ਤੇ ਲਗਾਉਣ ਦੀ ਮੰਗ ਜ਼ੋਰਾਂ ਸ਼ੋਰਾਂ ਨਾਲ ਉਠਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਆਗੂ ਤੇ ਆਮ ਲੋਕ ਤੇ ਕਿਸਾਨ ਹਾਜ਼ਰ ਸਨ | ਇਸ ਸਬੰਧੀ ਸਰਪੰਚ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਫ਼ੁਲ ਨੇ ਪੰਚਾਇਤ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਵੀ ਸਮੇਂ ਤੋਂ ਇਸ ਜ਼ਮੀਨ ਤੇ ਇਕ ਹੀ ਪਰਿਵਾਰ ਖੇਤੀ ਕਰ ਰਿਹਾ ਹੈ ਅਤੇ ਪੰਚਾਇਤ ਤੇ ਆਮ ਲੋਕਾਂ ਦੀ ਮੰਗ ਹੈ ਕਿ ਹੋਰ ਕਿਸਾਨਾਂ ਅਤੇ ਇਹਨਾਂ 61 ਕਿਲਿ੍ਹਆਂ ਨੂੰ ਤਿੰਨ ਚਾਰ ਕਿਸਾਨਾਂ ਵਿਚ ਵੰਡਿਆ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲ਼ ਸਕੇ | ਉਨ੍ਹਾਂ ਕਿਹਾ ਕਿ ਆਲਮਗੀਰ ਦੇ ਹੋਰ ਧਾਰਮਿਕ ਅਸਥਾਨਾਂ ਦੀ ਜ਼ਮੀਨ ਦੀ ਖੁੱਲ੍ਹੀ ਬੋਲੀ ਸਬੰਧੀ ਵੀ ਜਲਦ ਲੋਕਾਂ ਦੀ ਮੰਗ ਮੁਤਾਬਿਕ ਆਮ ਇਜਲਾਸ ਬੁਲਾਇਆ ਜਾ ਸਕਦਾ ਹੈ | ਇਸ ਮੌਕੇ ਗੁਰਦੁਆਰਾ ਘੰਟਾ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮੇਟੀ ਵੱਲੋਂ ਆਮ ਇਜਲਾਸ ਦਾ ਸਵਾਗਤ ਹੈ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਇਕ ਪਰਿਵਾਰ ਵੱਲੋਂ ਖੇਤੀ ਕਰਨ ਦੇ ਸਵਾਲ ਦੇ ਜਵਾਬ ਵਿਚ ਪ੍ਰਧਾਨ ਬੱਬੀ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ ਸਮੇਂ ਸਮੇਂ ਤੇ ਜ਼ਮੀਨ ਦਾ ਠੇਕਾ ਵਧਾਇਆ ਜਾਂਦਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਕਾਗ਼ਜ਼ਾਤ ਮੁਤਾਬਿਕ ਜ਼ਮੀਨ 61 ਕਿੱਲੇ ਜ਼ਰੂਰ ਹਨ ਪਰ ਕੇਵਲ 55 ਕਿਲਿਆਂ ਤੇ ਹੀ ਖੇਤੀ ਹੋ ਰਹੀ ਹੈ ਅਤੇ ਬਾਕੀ ਜ਼ਮੀਨ ਦੀ ਨਿਸ਼ਾਨਦੇਹੀ ਉਪਰੰਤ ਹੀ ਪਤਾ ਲੱਗ ਸਕੇਗਾ | ਪ੍ਰਧਾਨ ਬੱਬੀ ਨੇ ਕਿਹਾ ਕਿ ਜਲਦ ਹੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਕਰਕੇ ਕਰੀਬ ਇਕ ਹਫ਼ਤੇ ਬਾਅਦ ਇਸ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਜਾਵੇਗੀ | ਇਸ ਮੌਕੇ ਪਿੰਡ ਦੇ 83 ਸਾਲਾ ਵਿਅਕਤੀ ਫ਼ੌਜ ਦੇ ਸਾਬਕਾ ਕਰਨਲ ਹਰਜਿੰਦਰ ਸਿੰਘ ਸੰਘਾ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ |
ਪਿਛਲੀ ਖ਼ਬਰ 13 ਸਾਲਾਂ ਬਾਅਦ ਨਿਊਜ਼ੀਲੈਂਡ ਤੋਂ ਬਿਮਾਰ ਪਿਤਾ ਨੂੰ ਮਿਲਣ ਆ ਰਹੇ ਨੌਜਵਾਨ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਡਿਪ... ਅਗਲੀ ਖ਼ਬਰ 45 ਸਾਲਾਂ ਬਾਅਦ ਮੁੜ ਪੜ੍ਹਾਈ ਕਰਕੇ 61 ਸਾਲਾ ਮਹਿਲਾ ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।