ਹਿੰਗੋਲੀ (ਮਹਾਰਾਸ਼ਟਰ), 13 ਅਕਤੂਬਰ (ਪੀ.ਟੀ.ਆਈ.)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਰੋਕੇ ਗਏ ਤਾਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ। ਦੀਪਕੇ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਜਾਂਦੇ ਸਮੇਂ ਰੋਕਿਆ, ਤਾਂ ਉਹ ਵਿਰੋਧ ਪ੍ਰਦਰਸ਼ਨ ਉੱਥੋਂ ਸ਼ੁਰੂ ਕਰਨਗੇ ਜਿੱਥੋਂ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਸੀ.ਜੇ.ਪੀ. ਆਗੂ ਨੇ ਇਹ ਵੀ ਕਿਹਾ ਕਿ ਉਹ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਪਹੁੰਚਣਗੇ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਉਹ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ, ਸੰਤੁਕ ਪਿੰਪਰੀ ਵਿਚ ਮੀਡੀਆਂ ਨਾਲ ਗੱਲ ਕਰ ਰਹੇ ਸਨ, ਜਿੱਥੇ ਉਹ ਆਪਣੀ ਸਵਰਗੀ ਦਾਦੀ, ਸਾਵਿਤਰੀ ਬਾਈ ਦਿਪਕੇ ਦੇ ਵਿਸਰਜਣ (ਮੌਤ ਤੋਂ ਬਾਅਦ ਦੀ ਰਸਮ) ਵਿਚ ਸ਼ਾਮਲ ਹੋਣ ਲਈ ਆਏ ਸਨ।
11 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਆਦੇਸ਼ ਵਿਚ, ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਨੇ ਜੰਤਰ-ਮੰਤਰ ਰੋਡ ਨੂੰ ਮਨੋਨੀਤ ਵਿਰੋਧ ਸਥਾਨਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਅਤੇ ਵੱਡੇ ਪ੍ਰਦਰਸ਼ਨਾਂ ਲਈ ਤਿੰਨ ਨਵੇਂ ਸਥਾਨ ਨਿਰਧਾਰਤ ਕੀਤੇ, ਰਾਮਲੀਲਾ ਮੈਦਾਨ (ਕੇਂਦਰੀ ਦਿੱਲੀ), ਬੁਰਾੜੀ ਮੈਦਾਨ (ਉੱਤਰੀ ਦਿੱਲੀ) ਅਤੇ ਸੀ.ਬੀ.ਡੀ. ਮੈਦਾਨ (ਪੂਰਬੀ ਦਿੱਲੀ)। ਦੀਪਕੇ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫਾ ਦੇਣ ਤੱਕ ਜਾਰੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸੀ.ਜੇ.ਪੀ. ਦੀ ਕਾਨੂੰਨੀ ਟੀਮ ਜੰਤਰ-ਮੰਤਰ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਦੀ ਨਜ਼ਰਬੰਦੀ ਬਾਰੇ ਅਦਾਲਤ ਵਿਚ ਪਹੁੰਚ ਕਰੇਗੀ।