ਕਪੂਰਥਲਾ, 7 ਮਈ (ਵਿ. ਪ੍ਰ.)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ ਇਕਾਈ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਵਿਚ ਸੇਵਾ ਮੁਕਤ ਇੰਸਪੈਕਟਰ ਦਲਬੀਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਆਰੰਭ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੇ ਖ਼ਰਚੇ ਸਬੰਧੀ ਰਿਪੋਰਟ ਪੜ੍ਹੀ ਤੇ ਅਦਾਲਤਾਂ ਵਿਚ ਚੱਲ ਰਹੀਆਂ ਰਿੱਟਾਂ ਬਾਰੇ ਵੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਦੇ ਬਕਾਏ ਤੇ 18 ਪ੍ਰਤੀਸ਼ਤ ਡੀ.ਏ. ਦੀ ਅਦਾਇਗੀ ਨਾ ਕੀਤੇ ਜਾਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੇ ਡੀ.ਏ. ਦੇ ਬਕਾਏ ਦੀ ਅਦਾਇਗੀ ਨੂੰ ਵੀ ਜਾਣਬੁੱਝ ਕੇ ਲਟਕਾਉਣ ਦਾ ਵੀ ਸਖ਼ਤ ਨੋਟਿਸ ਲਿਆ ਗਿਆ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਸਰਕਾਰੀ ਕਰਮਚਾਰੀਆਂ ਦੇ ਡੀ.ਏ. ਦੀ ਅਦਾਇਗੀ ਨਾ ਕੀਤੇ ਜਾਣ ਦਾ ਜੋ ਖ਼ਮਿਆਜ਼ਾ ਭੁਗਤਣਾ ਪਿਆ ਹੈ, ਇਸੇ ਤਰਜ਼ 'ਤੇ ਪੰਜਾਬ ਦੇ ਮੁਲਾਜ਼ਮ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਜਵਾਬ ਦੇਣਗੇ | ਮੀਟਿੰਗ ਵਿਚ ਸੇਵਾ ਮੁਕਤ ਡੀ.ਐੱਸ.ਪੀ. ਸਰੂਪ ਸਿੰਘ, ਸੇਵਾ ਮੁਕਤ ਡੀ.ਐਸ.ਪੀ. ਦਰਸ਼ਨ ਸਿੰਘ, ਸੇਵਾ ਮੁਕਤ ਡੀ.ਐਸ.ਪੀ. ਬਚਨ ਸਿੰਘ, ਪਰਮਿੰਦਰ ਸਿੰਘ, ਸੁੱਚਾ ਸਿੰਘ, ਬਲਕਾਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ |