ਮੁੰਬਈ, 30 ਅਕਤੂਬਰ (ਪੀ.ਟੀ. ਆਈ.)-ਬਾਲੀਵੁੱਡ ਅਦਾਕਾਰਾ ਅਤੇ ਨਿਰਮਾਤਾ ਪ੍ਰਿਅੰਕਾ ਚੋਪੜਾ, ਪ੍ਰਣਵ ਭਸੀਨ ਵਲੋਂ ਨਿਰਦੇਸ਼ਿਤ ਭਾਰਤੀ ਲਘੂ ਫਿਲਮ ‘ਵੀ ਵਰ ਹੀਅਰ’ ਨਾਲ ਕਾਰਜਕਾਰੀ ਨਿਰਮਾਤਾ ਵਜੋਂ ਜੁੜ ਗਈ ਹੈ। ਉਹ ਇਸ ਪ੍ਰੋਜੈਕਟ ਨੂੰ ਆਪਣਾ ਸਮਰਥਨ ਦੇ ਰਹੀ ਹ, ਕਿਉਂਕਿ ਇਹ ਫਿਲਮ ਹੁਣ ‘ਅਕੈਡਮੀ ਐਵਾਰਡਜ਼’ (ਆਸਕਰ) ਲਈ ਆਪਣੀ ਮੁਹਿੰਮ ਦੀ ਤਿਆਰੀ ਕਰ ਰਹੀ ਹੈ। ਆਸਕਰ ਲਈ ਯੋਗਤਾ ਪ੍ਰਾਪਤ ਇਸ ਫਿਲਮ ਨੇ ਅੰਤਰਰਾਸ਼ਟਰੀ ਫੈਸਟੀਵਲ ਸਰਕਟ ਵਿਚ 20 ਤੋਂ ਵੱਧ ਪੁਰਸਕਾਰ ਜਿੱਤੇ ਹਨ।
ਇਸ ਪ੍ਰੋਜੈਕਟ ਵਿਚ ਅਦਾਕਾਰ ਐਂਡਰਿਊ ਸਕਾਟ ਅਤੇ ਟੋਨੀ ਅਵਾਰਡ ਜੇਤੂ ਨਾਟਕਕਾਰ ਤੇ ਕਾਰਕੁਨ ‘ਵੀ’ (ਪਹਿਲਾਂ ਈਵ ਐਂਸਲਰ ਵਜੋਂ ਜਾਣੇ ਜਾਂਦੇ ਸਨ) ਵੀ ਕਾਰਜਕਾਰੀ ਨਿਰਮਾਤਾਵਾਂ ਵਜੋਂ ਸ਼ਾਮਿਲ ਹੋਏ ਹਨ।‘ਵੀ ਵਰ ਹੀਅਰ’ ਇਕ ਛੋਟੇ ਭਾਰਤੀ ਕਸਬੇ ਦੇ ਤਿੰਨ ਸੇਵਾਮੁਕਤ ਵਿਅਕਤੀਆਂ ਦੀ ਕਹਾਣੀ ਹੈ।
ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਮਸ਼ੀਨਾਂ ਇਨਸਾਨਾਂ ਦੀਆਂ ਨੌਕਰੀਆਂ ਖੋਹ ਰਹੀਆਂ ਹਨ, ਇਸ ਲਈ ਉਹ ਘਰੇਲੂ ਉਪਕਰਣਾਂ (ਜਿਵੇਂ ਕਿ ਫਰਿੱਜ, ਵਾਸ਼ਿੰਗ ਮਸ਼ੀਨ ਆਦਿ) ਦਾ ਰੂਪ ਧਾਰ ਕੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਦੇ ਵਿਰੋਧ ਦਾ ਇਹ ਅਨੋਖਾ ਢੰਗ ਉਦੋਂ ਇਕ ਅਚਾਨਕ ਮੋੜ ਲੈਂਦਾ ਹੈ, ਜਦੋਂ ਉਨ੍ਹਾਂ ਵਿਚੋਂ ਇਕ ਦਾ ਬੱਚਾ ‘ਆਰਟੀਫੀਸ਼ੀਅਲ ਇੰਟੈਲੀਜੈਂਸ’ (ਏ.ਆਈ.) ਕੰਪਨੀ ਵਿਚ ਕੰਮ ਕਰਨ ਲੱਗ ਪੈਂਦਾ ਹੈ।