ਨਵੀਂ ਦਿੱਲੀ, 30 ਅਕਤੂਬਰ (ਪੀ. ਟੀ. ਆਈ)-ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸ਼ੁੱਕਰਵਾਰ ਨੂੰ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਵੱਖ-ਵੱਖ ਦੇਸ਼ਾਂ ਦੇ ਕੂਟਨੀਤਕਾਂ ਲਈ ਦੀਵਾਲੀ ਮਿਲਣ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਲਗਭਗ 50 ਦੇਸ਼ਾਂ ਦੇ 90 ਤੋਂ ਵੱਧ ਕੂਟਨੀਤਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਵੱਖ-ਵੱਖ ਦੇਸ਼ਾਂ ਦੇ ਮਿਸ਼ਨ ਮੁਖੀ, ਉਪ-ਮਿਸ਼ਨ ਮੁਖੀ ਅਤੇ ਸੀਨੀਅਰ ਡਿਪਲੋਮੈਟ ਸ਼ਾਮਿਲ ਸਨ।
ਭਾਜਪਾ ਵਲੋਂ ਜਾਰੀ ਬਿਆਨ ਅਨੁਸਾਰ ਸਮਾਗਮ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ। ਪਾਰਟੀ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਭਾਰਤ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਅਤੇ ਤਿਉਹਾਰਾਂ ਦੀ ਖੁਸ਼ੀ ਨੂੰ ਕੂਟਨੀਤਕ ਭਾਈਚਾਰੇ ਨਾਲ ਸਾਂਝਾ ਕਰਨਾ ਸੀ। ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਨਾਲ ਆਪਸੀ ਸਦਭਾਵਨਾ, ਦੋਸਤੀ ਅਤੇ ਲੋਕਾਂ ਦਰਮਿਆਨ ਸੰਪਰਕ ਤੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਵੀ ਇਸ ਸਮਾਗਮ ਦਾ ਮੁੱਖ ਉਦੇਸ਼ ਸੀ।