ਮੁਕੇਰੀਆਂ, 7 ਮਈ (ਰਾਮਗੜ੍ਹੀਆ)-ਵਾਰਡ ਨੰਬਰ 12 ਚੱਕ ਅੱਲ੍ਹਾ ਬਖਸ਼ 'ਚ ਮੁਹੱਲਾ ਬਾਬਾ ਹਿੰਮਤ ਸਿੰਘ 'ਚ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਨੂੰ ਪੀਣਯੋਗ ਸਾਫ ਪਾਣੀ ਨਾ ਮਿਲਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਰਨ ਇਹ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੇ ਪਾਣੀ ਦੀ ਪਾਈਪਲਾਈਨ ਲਈ ਐਨ. ਓ. ਸੀ. ਜਾਰੀ ਨਹੀਂ ਕੀਤੀ ਹੈ, ਜਿਸ ਕਾਰਨ ਵਾਰਡ ਦੇ ਵਸਨੀਕਾਂ ਵਿਚ ਰੋਸ ਹੈ | ਇਸ ਮਾਮਲੇ ਦੇ ਸੰਬੰਧ 'ਚ ਸਥਾਨਕ ਸਮਾਜ ਸੇਵਿਕਾ ਤੇ ਮਹਿਲਾ ਕਾਂਗਰਸ ਹੁਸ਼ਿਆਰਪੁਰ ਦੀ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੌਰ ਨੇ ਪਾਰਟੀ ਵਰਕਰਾਂ ਨਾਲ ਇਲਾਕੇ ਦਾ ਦੌਰਾ ਕੀਤਾ ਜਿਥੇ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਮੌਜੂਦ ਵਾਰਡ ਕੌਂਸਲਰ ਸ਼ੇਰ ਸਿੰਘ ਸ਼ੇਰਾ ਨੇ ਦੱਸਿਆ ਕਿ ਵਾਰਡ ਵਿਚ ਲੰਬੇ ਸਮੇਂ ਤੋਂ ਸਾਫ਼ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਪੂਰੀ ਕੋਸ਼ਿਸ਼ ਨਾਲ ਚੱਕ ਅੱਲ੍ਹਾ ਬਖਸ਼ ਵਿਖੇ ਲਗਪਗ 1 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਇਕ ਜਲ ਸਪਲਾਈ ਸਕੀਮ ਲਗਾਈ ਸੀ, ਜਿਸ ਕਾਰਨ ਮੁਹੱਲਾ ਬਾਬਾ ਹਿੰਮਤ ਸਿੰਘ ਦੇ ਵਸਨੀਕਾਂ ਨੂੰ ਸਾਫ਼ ਪਾਣੀ ਦੀ ਸਹੂਲਤ ਪ੍ਰਦਾਨ ਕਰਨ ਲਈ ਪਾਈਪਲਾਈਨ ਵਿਛਾਉਣੀ ਅਜੇ ਬਾਕੀ ਸੀ ਪਰ ਨੈਸ਼ਨਲ ਹਾਈਵੇ ਅਥਾਰਿਟੀ ਨੇ ਐਨ. ਓ. ਸੀ. ਜਾਰੀ ਨਹੀਂ ਕੀਤਾ ਅਤੇ ਉਸ ਨੇ ਉੱਚ ਅਧਿਕਾਰੀਆਂ ਤੋਂ ਐਨ. ਓ. ਸੀ. ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਕਰਨ ਵਿਚ ਅਸਫਲ ਰਿਹਾ | ਉਨ੍ਹਾਂ ਕਿਹਾ ਕਿ ਵਾਰਡ ਦੇ ਵਸਨੀਕ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਇਸ ਮੌਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੌਰ ਨੇ ਸੰਬੰਧਤ ਵਿਭਾਗ ਤੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਇਹ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਪਾਣੀ ਵਰਗੀ ਮੁੱਢਲੀ ਲੋੜ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਐਨ. ਓ. ਸੀ. ਨਾ ਦਿੱਤੀ ਤਾਂ ਵਾਰਡ ਵਾਸੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਰਣਜੋਧ ਸਿੰਘ ਕੁੱਕੂ, ਅਸ਼ਵਨੀ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਸਚਿਨ ਸਮਿਆਲ, ਸੁਸ਼ੀਲ ਕੁਮਾਰ ਸੇਵਾ ਦਲ ਪ੍ਰਧਾਨ, ਅਮਨਦੀਪ, ਸ਼ੁਭਮ ਠਾਕੁਰ, ਕਿਸ਼ਨ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ, ਹਰਿੰਦਰ ਸਿੰਘ, ਜੀਤ ਸਿੰਘ, ਦਲੀਪ ਸਿੰਘ, ਭਗਵਾਨ ਸਿੰਘ, ਭੁਪਿੰਦਰ ਸਿੰਘ, ਦਲੀਪ ਸਿੰਘ, ਗੁਰਨਾਮ ਸਿੰਘ, ਕੁਲਦੀਪ ਕੌਰ, ਮਨਜੀਤ ਸਿੰਘ ਆਦਿ ਹਾਜ਼ਰ ਸਨ |
ਵਾਰਡ ਨੰਬਰ 12 'ਚ ਪਾਣੀ ਦੀ ਕਿੱਲਤ, ਨੈਸ਼ਨਲ ਹਾਈਵੇ ਅਥਾਰਿਟੀ ਤੋਂ ਐਨ. ਓ. ਸੀ. ਨਾ ਮਿਲਣ 'ਤੇ ਹਾਹਾਕਾ, ਵਾਰਡ ਵਾਸੀਆਂ 'ਚ ਭਾਰੀ ਰੋਸ, ਧਰਨੇ ਦੀ ਦਿੱਤੀ ਚਿਤਾਵਨੀ
ਅਜੀਤ ਡੈਸਕ
08-05-2026