ਕਪੂਰਥਲਾ, 7 ਮਈ (ਸਡਾਨਾ)-ਕਿਸਾਨ ਆਗੂ ਦੇ ਘਰ ਦੀ ਕੰਧ ਨੂੰ ਸੰਨ੍ਹ ਲਗਾ ਕੇ ਅਣਪਛਾਤੇ ਚੋਰ ਅੰਦਰੋਂ ਸੋਨੇ ਦੇ ਗਹਿਣੇ ਨਗਦੀ ਤੇ ਕੱਪੜਿਆਂ ਸਮੇਤ ਹੋਰ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਜਸਬੀਰ ਸਿੰਘ ਵਾਸੀ ਖਾਨੋਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਖੇਤਾਂ ਵਿਚ ਬਣਾਇਆ ਹੋਇਆ ਹੈ ਤੇ ਨਾਲ ਹੀ ਉਨ੍ਹਾਂ ਦੇ ਚਾਚੇ ਦਾ ਘਰ ਹੈ | ਸ਼ਿਕਾਇਤਕਰਤਾ ਅਨੁਸਾਰ ਉਸ ਦੀ ਲੜਕੀ ਵਿਦੇਸ਼ ਤੋਂ ਉਨ੍ਹਾਂ ਨੂੰ ਮਿਲਣ ਆਈ ਸੀ ਤੇ ਉਨ੍ਹਾਂ ਦੇ ਗਹਿਣੇ ਘਰ ਦੀ ਅਲਮਾਰੀ ਵਿਚ ਪਏ ਸਨ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 4 ਮਈ ਦੀ ਰਾਤ ਨੂੰ ਉਨ੍ਹਾਂ ਦਾ ਪਰਿਵਾਰ ਘਰ ਵਿਚ ਸੁੱਤਾ ਹੋਇਆ ਸੀ, ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਮਕਾਨ ਦੇ ਕਮਰੇ ਅੰਦਰ ਅਲਮਾਰੀ ਖੁੱਲ੍ਹੀ ਸੀ ਅਤੇ ਕਮਰੇ ਦੀ ਕੰਧ ਜੋ ਕਿ ਖੇਤਾਂ ਵਾਲੇ ਪਾਸੇ ਹੈ, ਨੂੰ ਸੰਨ੍ਹ ਲੱਗੀ ਹੋਈ ਸੀ | ਜਦੋਂ ਅਸੀਂ ਅਲਮਾਰੀ ਵਿਚ ਪਿਆ ਸਮਾਨ ਦੇਖਿਆ ਤਾਂ ਅੰਦਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ 15 ਹਜ਼ਾਰ ਰੁਪਏ ਨਗਦੀ ਕੁੱਝ ਕੱਪੜੇ ਤੇ ਹੋਰ ਸਮਾਨ ਚੋਰੀ ਹੋ ਚੁੱਕਾ ਸੀ | ਇਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੀੜਤ ਪਰਿਵਾਰ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਨੇ ਪੁਲਿਸ ਪਾਸੋਂ ਮੰਗ ਕੀਤੀ ਕਿ ਇਸ ਘਟਨਾ ਦੀ ਗੰਭੀਰਤਾ ਨਾਲ ਤਫ਼ਤੀਸ਼ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ |