ਕਪੂਰਥਲਾ, 7 ਮਈ (ਸਡਾਨਾ)-ਕਰੀਬ 5 ਮਹੀਨੇ ਪਹਿਲਾਂ ਹੋਈ ਚੋਰੀ ਦੇ ਮਾਮਲੇ ਸਬੰਧੀ ਇਨਸਾਫ਼ ਨਾ ਮਿਲਣ ਅਤੇ ਚੋਰੀ ਹੋਏ ਗਹਿਣਿਆਂ ਦੀ ਪੂਰੀ ਬਰਾਮਦਗੀ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਸ਼ਿਕਾਇਤਕਰਤਾ ਬੂਟਾ ਰਾਮ ਵਾਸੀ ਆਰ.ਸੀ.ਐਫ. ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਨਸਾਫ਼ ਲਈ ਗੁਹਾਰ ਲਗਾਈ ਹੈ | ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੂਟਾ ਰਾਮ ਜੋ ਕਿ ਰੇਲ ਕੋਚ ਫ਼ੈਕਟਰੀ ਵਿਖੇ ਮੁਲਾਜ਼ਮ ਹੈ, ਨੇ ਦੱਸਿਆ ਕਿ ਬੀਤੀ 15 ਜਨਵਰੀ ਨੂੰ ਉਸ ਦੇ ਘਰ ਵਿਚ ਚੋਰੀ ਹੋਈ ਤੇ ਚੋਰ ਕਰੀਬ 8-10 ਤੋਲੇ ਸੋਨੇ ਦੇ ਗਹਿਣੇ ਤੇ ਅੱਧਾ ਕਿੱਲੋ ਤੋਂ ਵੱਧ ਚਾਂਦੀ ਚੋਰੀ ਕਰਕੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਅਨੁਸਾਰ ਬੀਤੀ 19 ਜਨਵਰੀ ਨੂੰ ਕੇਸ ਦਰਜ ਹੋਣ ਉਪਰੰਤ 20 ਜਨਵਰੀ ਨੂੰ ਇਸ ਮਾਮਲੇ ਵਿਚ ਇਕ ਨਾਬਾਲਗ ਸਮੇਤ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਪਰ ਗਿ੍ਫ਼ਤਾਰੀ ਉਪਰੰਤ ਵੀ ਸਿਰਫ਼ 2-3 ਸੋਨੇ ਦੇ ਗਹਿਣਿਆਂ ਤੋਂ ਇਲਾਵਾ ਕੁੱਝ ਚਾਂਦੀ ਦੇ ਗਹਿਣੇ ਵੀ ਬਰਾਮਦ ਹੋਏ, ਜਦਕਿ ਬਹੁਤਾ ਸਮਾਨ ਅਜੇ ਵੀ ਬਰਾਮਦ ਹੋਣਾ ਬਾਕੀ ਹੈ, ਪਰ ਇਸ ਵਿਚ ਪੁਲਿਸ ਉਸ ਨੂੰ ਕੋਈ ਇਨਸਾਫ਼ ਨਹੀਂ ਦੇ ਰਹੀ ਤੇ ਨਾ ਹੀ ਉਸ ਦੇ ਬਾਕੀ ਚੋਰੀ ਹੋਏ ਗਹਿਣਿਆਂ ਸਬੰਧੀ ਕੁੱਝ ਪਤਾ ਲੱਗ ਰਿਹਾ ਹੈ | ਬੂਟਾ ਰਾਮ ਨੇ ਮੰਗ ਕੀਤੀ ਕਿ ਉਸ ਦੇ ਚੋਰੀ ਹੋਏ ਗਹਿਣੇ ਬਰਾਮਦ ਕਰਵਾ ਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮਾਮਲੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ |