ਜਲੰਧਰ, 3 ਨਵੰਬਰ (ਸ਼ਿਵ)- ਵਾਰਡ ਨੰਬਰ 76 ਦੇ ਨਿਊ ਸੰਤੋਖਪੁਰਾ, ਕੇ. ਐਮ. ਵੀ. ਕਾਲਜ ਦੀ ਬੈਕ ਸਾਈਡ ਸਥਿਤ ਇਲਾਕੇ ਦੇ ਸਮੂਹ ਮੁਹੱਲਾ ਵਾਸੀਆਂ ਵਲੋਂ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਕਾਰਨ ਸੜਕ ਪੁੱਟੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਖੁੱਲ੍ਹੀ ਪਈ ਸੜਕ ਕਾਰਨ ਜ਼ਹਿਰੀਲੇ ਜੀਵ-ਜੰਤੂ ਨਿਕਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਰਾਹਗੀਰਾਂ ਤੇ ਮੁਹੱਲੇ ਦੇ ਲੋਕਾਂ ਨੂੰ ਵੀ ਆਉਣ-ਜਾਣ ਵਿਚ ਦਿੱਕਤ ਆ ਰਹੀ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕ) ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ।ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੜਕ ਪੁੱਟੀ ਗਈ ਸੀ। ਇਲਾਕੇ ਦੀਆਂ ਗਲੀਆਂ ਤੰਗ ਹੋਣ ਕਾਰਨ ਜੇਸੀਬੀ ਮਸ਼ੀਨ ਲਿਜਾਣਾ ਮੁਸ਼ਕਲ ਸੀ, ਜਿਸ ਕਰਕੇ ਮਜ਼ਦੂਰਾਂ ਵਲੋਂ ਹੱਥੀਂ ਖੁਦਾਈ ਕਰਕੇ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਮਾਮਲੇ ਸਬੰਧੀ ਵਾਰਡ ਦੇ ਕੌਂਸਲਰ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਗਲੀਆਂ ਤੰਗ ਹੋਣ ਕਾਰਨ ਕੰਮ ’ਚ ਸਮਾਂ ਲੱਗਿਆ ਹੈ। ਜੇਕਰ ਗਲੀਆਂ ਖੁੱਲ੍ਹੀਆਂ ਹੁੰਦੀਆਂ ਤਾਂ ਜੇ.ਸੀ.ਬੀ. ਮਸ਼ੀਨ ਰਾਹੀਂ ਕੰਮ ਜਲਦੀ ਮੁਕੰਮਲ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਲਾਕਾ ਵਾਸੀਆਂ ਦੀ ਸਮੱਸਿਆ ਬਾਰੇ ਪੂਰੀ ਜਾਣਕਾਰੀ ਹੈ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਸੜਕ ਦੀ ਮੁਰੰਮਤ ਜਲਦ ਕਰਵਾਉਣ ਲਈ ਪਹਿਲਾਂ ਹੀ ਕਿਹਾ ਗਿਆ ਹੈ। ਕੌਂਸਲਰ ਨੇ ਕਿਹਾ ਕਿ ਕਿਸੇ ਵਲੋਂ ਫੋਨ ਰਾਹੀਂ ਸਮੱਸਿਆ ਦੱਸੀ ਜਾਂਦੀ ਹੈ ਤਾਂ ਉਹ ਖੁਦ ਵਾਰਡ ਵਿਚ ਪਹੁੰਚ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਿਊ ਸੰਤੋਖਪੁਰਾ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾਵੇਗਾ।