ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)- ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇਆਮ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ’ਤੇ ਅਦਾਲਤ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਆਦੇਸ਼ ਦੀ ਉਲੰਘਣਾ ਦੀ ਜਾਂਚ ਕਰਨ ਨੂੰ ਕਿਹਾ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਪ੍ਰਸੰਨਾ ਬੀ. ਵਰਾਕੇ ਦੇ ਬੈਂਚ ਨੇ ਇਕ ਅਖ਼ਬਾਰ ’ਚ ਛਪੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਜ਼ਾਰ ’ਚ ਹਰ ਤਰ੍ਹਾਂ ਦੇ ਪਟਾਕੇ ਮੌਜੂਦ ਹਨ, ਇਸ ’ਤੇ ਧਿਆਨ ਦੇਣ ਦੀ ਲੋੜ ਹੈ।
ਜਸਟਿਸ ਸੁੰਦਰੇਸ਼ ਨੇ ਕਿਹਾ ਕਿ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਦਾਲਤੀ ਆਦੇਸ਼ ਦੇ ਬਾਵਜੂਦ ਪਟਾਕਿਆਂ ਦੀਆਂ ਦੁਕਾਨਾਂ ’ਚ ਹਰ ਦੂਜਾ ਪਟਾਕਾ ਉਪਲਬਧ ਹੈ। ਲਾਇਸੈਂਸੀ, ਬਿਨਾਂ ਲਾਇਸੈਂਸ ਵਾਲਾ, ਕਿਊ.ਆਰ. ਕੋਡ ਵਾਲਾ, ਸਭ ਕੁਝ ਮਿਲ ਰਿਹਾ ਹੈ, ਇਸ ’ਤੇ ਧਿਆਨ ਦਿਉ। ਜ਼ਿਕਰਯੋਗ ਹੈ ਕਿ ਦਿੱਲੀ ’ਚ ਹੋਣ ਵਾਲੇ ਪ੍ਰਦੂਸ਼ਣ ਨੂੰ ਵੇਖਦਿਆਂ ਸਰਬਉੱਚ ਅਦਾਲਤ ਨੇ ਸੋਮਵਾਰ ਨੂੰ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 7 ਅਤੇ 8 ਨਵੰਬਰ ਨੂੰ ਹੀ ਸਵੇਰੇ 6 ਤੋਂ 7 ਅਤੇ ਰਾਤ ਨੂੰ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜ਼ਾਜਤ ਦਿੱਤੀ ਸੀ। 9 ਨਵੰਬਰ ਤੋਂ ਮੁੜ ਤੋਂ ਪਟਾਕਿਆਂ ’ਤੇ ਪਾਬੰਦੀ ਜਾਰੀ ਹੋ ਜਾਏਗੀ।