ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ 21ਵੀਂ ਸਦੀ ਵਿਚ ਫੌਜੀ ਤਿਆਰੀ ਤੇ ਤਕਨੀਕੀ ਤਿਆਰੀ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਭਾਰਤ ਦਾ ਰੱਖਿਆ ਖੇਤਰ ਵਿਚ ਆਤਮਨਿਰਭਰ ਬਣਨ ਦਾ ਉਦੇਸ਼ ਸਿਰਫ਼ ਦੇਸ਼ ਅੰਦਰ ਹਥਿਆਰਾਂ ਤੇ ਸਾਜ਼ੋ-ਸਾਮਾਨ ਦਾ ਉਤਪਾਦਨ ਕਰਨਾ ਨਹੀਂ, ਸਗੋਂ ਅਹਿਮ ਰੱਖਿਆ ਲੋੜਾਂ ਲਈ ਵਿਦੇਸ਼ੀ ਮੁਲਕਾਂ ’ਤੇ ਨਿਰਭਰਤਾ ਘਟਾ ਕੇ ਤਕਨੀਕੀ ਖੁਦਮੁਖਤਿਆਰੀ ਹਾਸਲ ਕਰਨਾ ਹੈ ।
ਦਿੱਲੀ ਵਿਚ ਮਾਨੋਹਰ ਪਰੀਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਵਲੋਂ ਕਰਵਾਏ ਗਏ ‘ਦਿੱਲੀ ਡਿਫੈਂਸ ਡਾਇਲਾਗ’ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦਾ ਟੀਚਾ 2047 ਤੱਕ ਰੱਖਿਆ ਖੇਤਰ ਵਿਚ ਬਹੁਤ ਉੱਚੀਆਂ ਪ੍ਰਾਪਤੀਆਂ ਹਾਸਲ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਆਤਮਨਿਰਭਰਤਾ ਦਾ ਮਤਲਬ ਦੁਨੀਆ ਤੋਂ ਵੱਖ ਹੋਣਾ ਨਹੀਂ, ਬਲਕਿ ਆਪਣੀਆਂ ਸਮਰਥਾਵਾਂ ਮਜ਼ਬੂਤ ਕਰਕੇ ਦੁਨੀਆ ਨਾਲ ਹੋਰ ਬਿਹਤਰ ਢੰਗ ਨਾਲ ਸਹਿਯੋਗ ਕਰਨਾ ਹੈ। ਉਨ੍ਹਾਂ ਨੇ ਤਕਨੀਕੀ ਵਿਕਾਸ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਸਾਂਝੇ ਵਿਕਾਸ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਇਸੇ ਦੌਰਾਨ ਜੈਸਲਮੇਰ ਵਿਚ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਦੱਸਿਆ ਕਿ ਭਾਰਤ ਨੇ ਸਾਲ 2029 ਤੱਕ ਰੱਖਿਆ ਉਤਪਾਦਨ ਨੂੰ ਵਧਾ ਕੇ 3 ਲੱਖ ਕਰੋੜ ਰੁਪਏ ਤੇ ਰੱਖਿਆ ਬਰਾਮਦ ਨੂੰ 50 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਰਣਨੀਤਕ ਖੁਦਮੁਖਤਿਆਰੀ ਅਤੇ ਸਵਦੇਸ਼ੀ ਤਕਨੀਕੀ ਸਮਰਥਾਵਾਂ ਬੇਹੱਦ ਜ਼ਰੂਰੀ ਹਨ ।
ਸਰਕਾਰ ਵਲੋਂ ਘਰੇਲੂ ਰੱਖਿਆ ਉਦਯੋਗ ਨੂੰ ਉਤਸ਼ਾਹਿਤ ਕਰਕੇ ਵਿਦੇਸ਼ੀ ਨਿਰਭਰਤਾ ਘਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਮੀਟਿੰਗ ਦੌਰਾਨ ਆਧੁਨਿਕ ਜੰਗੀ ਤਕਨੀਕਾਂ, ਨਵੇਂ ਸੁਰੱਖਿਆ ਖਤਰਿਆਂ, ਅਗਲੀ ਪੀੜ੍ਹੀ ਦੇ ਹਥਿਆਰ ਪ੍ਰਣਾਲੀਆਂ ਅਤੇ ਤਿੰਨਾਂ ਸੈਨਾਵਾਂ ਵਿਚਕਾਰ ਬਿਹਤਰ ਤਾਲਮੇਲ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ।
ਰੱਖਿਆ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅੱਜ ਰਵਾਇਤੀ ਅਤੇ ਗੈਰ-ਰਵਾਇਤੀ ਜੰਗ ਵਿਚਕਾਰ ਫ਼ਰਕ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਇਸ ਲਈ ਭਾਰਤੀ ਫੌਜ ਨੂੰ ਆਧੁਨਿਕ ਤਕਨੀਕ ਨਾਲ ਲੈਸ, ਸਮਰੱਥ ਅਤੇ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਸਮੇਂ ਦੀ ਮੁੱਖ ਲੋੜ ਹੈ ।