ਲੋਹੀਆਂ ਖਾਸ, 16 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਲਈ ਹੋਣ ਜਾ ਰਹੀਆਂ ਵੋਟਾਂ ਲਈ ਜਿਥੇ 62 ਉਮੀਦਵਾਰਾਂ ਨੇ ਆਪਣੇ ਪੇਪਰ ਦਾਖਲ ਕਰਵਾਏ ਹਨ, ਉਥੇ ਸ਼ਹਿਰ ਦੇ ਵਾਰਡ ਨੰਬਰ 8 ਤੋਂ 'ਆਪ' ਦੇ ਉਮੀਦਵਾਰ ਬਲਵਿੰਦਰ ਸਿੰਘ ਟਿੱਡੂ (ਸਾਬਕਾ ਪ੍ਰਧਾਨ) ਆਪਣੇ ਵੋਟਰਾਂ ਤੇ ਸਪੋਰਟਰਾਂ ਦੇ ਵੱਡੇ ਕਾਫ਼ਲੇ ਨਾਲ ਪੇਪਰ ਦਾਖਲ ਕਰਵਾਉਣ ਪੁੱਜੇ, ਜੇਤੂ ਚਿੰਨ ਬਣਾਉਂਦੇ ਹੋਏ ਲੋਹੀਆਂ ਸਥਿਤ 'ਅਜੀਤ' ਦੇ ਦਫ਼ਤਰ ਵੀ ਹਾਜਰੀ ਲੁਆਕੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੇ ਸਮੇਂ ਦੇ ਘਾਗ ਸਿਆਸੀ ਆਗੁੂ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ (ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ) ਦੇ ਸ਼ਾਗਿਰਦ ਹਨ, ਜਿਨ੍ਹਾਂ ਨੇ ਸਿਆਸਤ ਦੀ ਅਜਿਹੀ ਗੁੜਤੀ ਦਿੱਤੀ ਹੈ ਕਿ ਪੈਸੇ ਦੀ ਥਾਂ ਮਿਹਨਤ ਨੂੰ ਪਹਿਲ ਦਿਓ, ਤਾਂ ਲੋਕ ਤੁਹਾਡੀ ਮਿਹਨਤ ਦਾ ਮੁੱਲ ਜਰੂਰ ਮੋੜਦੇ ਹਨ | ਇਥੇ ਦੱਸਣਯੋਗ ਹੈ ਕਿ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਦਾ ਕੁਮਰਾ ਪਰਿਵਾਰ ਲਗਾਤਾਰ 20 ਸਾਲਾਂ ਤੋਂ ਆਪਣੇ ਵਾਰਡ ਤੋਂ ਜਿੱਤਦਾ ਆ ਰਿਹਾ ਹੈ ਅਤੇ ਐਤਕੀਂ ਕਾਂਗਰਸ ਵੱਲੋਂ ਉਨਾਂ ਦੇ ਮੁਕਾਬਲੇ ਗੁਰਬੀਰ ਸਿੰਘ ਗਗਨ ਕੰਗ ਨੂੰ ਉਮੀਦਵਾਰ ਬਣਾਇਆ ਗਿਆ ਹੈ |