ਜਗਰਾਉਂ ( ਲੁਧਿਆਣਾ), 22 ਅਕਤੂਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ-ਮੋਗਾ ਮਾਰਗ ’ਤੇ ਪਰਦੇਸੀ ਢਾਬੇ ਨੇੜੇ 10 ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਸਾਬਕਾ ਸੂਬੇਦਾਰ ਹਰਜਿੰਦਰ ਸਿੰਘ ਦੀ ਵੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਸ ਭਿਆਨਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਸੂਬੇਦਾਰ ਹਰਜਿੰਦਰ ਸਿੰਘ ਸਖ਼ਤ ਰੂਪ ਵਿਚ ਜ਼ਖਮੀ ਹੋ ਗਏ ਸਨ।
ਹਰਜਿੰਦਰ ਸਿੰਘ ਆਪਣੀ ਪਤਨੀ ਨਾਲ ਐਕਟਿਵਾ ’ਤੇ ਜਗਰਾਉਂ ਤੋਂ ਘਰੇਲੂ ਸਾਮਾਨ ਖ਼ਰੀਦ ਕੇ ਪਿੰਡ ਪਰਤ ਰਹੇ ਸਨ ਤਾਂ ਪਰਦੇਸੀ ਢਾਬੇ ਨੇੜੇ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਕੋਈ ਤੇਜ਼ ਰਫ਼ਤਾਰ ਵਾਹਨ ਦੋਵਾਂ ਨੂੰ ਕੁਚਲਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਸੁਖਵਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਹਰਜਿੰਦਰ ਸਿੰਘ ਨੂੰ ਇਲਾਜ ਲਈ ਲੁਧਿਆਣਾ ਰੈਫ਼ਰ ਕੀਤਾ ਗਿਆ ਸੀ।
ਉੱਥੇ 10 ਦਿਨਾਂ ਤੱਕ ਜ਼ਿੰਦਗੀ ਲਈ ਜੂਝਣ ਮਗਰੋਂ ਅੱਜ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਇਸ ਘਟਨਾ ਨਾਲ ਮਿ੍ਤਕ ਦੇ ਪਰਿਵਾਰ 'ਤੇ ਇਕ ਵਾਰ ਫਿਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਹਾਦਸੇ ਨਾਲ ਪਰਦੇਸੀ ਢਾਬੇ ਦੇ ਬਾਹਰ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨਾਂ ਕਾਰਨ ਆਵਾਜਾਈ ਵਿਚ ਆਉਂਦੀਆਂ ਮੁਸ਼ਕਲਾਂ ਦਾ ਮੁੱਦਾ ਗਰਮਾ ਗਿਆ ਹੈ। ਆਮ ਲੋਕਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕਰਨ ਅਤੇ ਢਾਬੇ ਨੇੜੇ ਬੇਤਰਤੀਬ ਢੰਗ ਨਾਲ ਖੜਦੇ ਵਾਹਨਾ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਉੱਠੀ ਹੈ।