ਜਲੰਧਰ, 7 ਮਈ (ਐੱਮ. ਐੱਸ. ਲੋਹੀਆ) ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤ ਲਈ ਤੁਰੰਤ ਖੋਲਿ੍ਹਆ ਜਾਵੇ ਇਹ ਮੰਗ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ, ਗੁਰਦੇਵ ਸਿੰਘ ਭਾਟੀਆ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਰਾਜਵੰਤ ਸਿੰਘ ਸੁੱਖਾ ਅਤੇ ਗੁਰਦੀਪ ਸਿੰਘ ਪੋਪਲੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਿਆਤੀ ਦੇ ਲਗਭਗ 18 ਸਾਲ ਬਿਤਾਏ ਜੋ 1947 ਦੀ ਵੰਡ ਵੇਲੇ ਪਾਕਿਸਤਾਨ 'ਚ ਰਹਿ ਗਿਆ ਸੀ | ਸਿੱਖ ਕੌਮ ਦੀਆਂ ਲੰਮੇਂ ਸਮੇਂ ਤੋਂ ਲਗਾਤਾਰ ਅਰਦਾਸਾਂ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਇਸ ਦੇ ਲਾਂਘੇ ਨੂੰ ਖੋਲ੍ਹ ਦਿੱਤਾ ਗਿਆ ਸੀ, ਜਿਸ ਕਰਕੇ ਸੰਗਤ ਗੁਰੂ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੀ ਸੀ | ਉਨ੍ਹਾਂ ਕਿਹਾ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਹੁਣ ਜਦੋਂ ਮਾਹੌਲ ਬਿਲਕੁਲ ਠੀਕ ਹੈ, ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ 'ਚ ਦੇਰੀ ਕਿਉਂ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਸਿੱਖ ਗੁਰੂ ਘਰਾਂ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਸਕਦੇ | ਇਸ ਲਈ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਨ, ਕਿ ਬਿਨਾਂ ਕਿਸੇ ਦੇਰੀ ਤੋਂ ਇਹ ਲਾਂਘਾ ਖੋਲਿ੍ਹਆ ਜਾਵੇ | ਆਗੂਆਂ ਨੇ ਸ਼੍ਰੋਮਣੀ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਮਸਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਇਆ ਜਾਵੇ | ਇਸ ਮੌਕੇ ਅਮਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਪ੍ਰੋਫ਼ੈਸਰ ਸੁਖਜੀਤ ਸਿੰਘ, ਜਗਦੀਪ ਸਿੰਘ, ਪਰਦੀਪ ਸਿੰਘ ਵਿੱਕੀ, ਐਡਵੋਕੇਟ ਸੰਦੀਪ ਕੰਵਰ ਸਿੰਘ ਛਾਬੜਾ, ਸਾਹਿਲ ਭਾਟੀਆ, ਸੰਦੀਪ ਸਿੰਘ ਫੁੱਲ, ਅਮਨਦੀਪ ਸਿੰਘ ਬੱਗਾ ਅਤੇ ਹੋਰ ਹਾਜ਼ਰ ਸਨ |