03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੰਗਲਾ ਦੇਸ਼ ਸਰਕਾਰ ਨੂੰ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ - ਪੰਮਾ

ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਮਿਸਰਦੀਪ ਭਾਟੀਆ)-ਬੰਗਲਾ ਦੇਸ਼ ਵਿਚ ਹਿੰਦੂਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ | ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਪੰਮਾ ਨੇ ਇਸ ਮੁੱਦੇ 'ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬੰਗਲਾ ਦੇਸ਼ ਸਰਕਾਰ ਘੱਟ ਗਿਣਤੀ ਅਤੇ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿਚ ਅਸਫ਼ਲ ਸਾਬਤ ਹੋ ਰਹੀ ਹੈ ਜਿਸ ਕਾਰਨ ਅਜਿਹੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ | ਡਾ. ਪੰਮਾ ਨੇ ਕਿਹਾ ਕਿ ਬੰਗਲਾ ਦੇਸ਼ ਵਿਚ ਹਿੰਦੂਆਂ ਖ਼ਿਲਾਫ਼ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ, ਉਥੇ ਇਕ ਵਾਰ ਫਿਰ ਨਫ਼ਰਤ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ | ਸ਼ਰੀਅਤ ਇਲਾਕੇ ਵਿਚ ਖੋਕਨ ਚੰਦਰ ਨਾਂਅ ਦੇ ਇਕ ਹਿੰਦੂ ਵਿਅਕਤੀ ਨੂੰ ਭੀੜ ਨੇ ਘੇਰ ਲਿਆ | ਪਹਿਲਾ ਬੇਰਹਿਮੀ ਨਾਲ ਉਸ ਨੂੰ ਕੁੱਟਿਆ ਗਿਆ ਫਿਰ ਚਾਕੂ ਨਾਲ ਵਾਰ ਕੀਤਾ ਗਿਆ | ਇਸ ਤੋਂ ਬਾਅਦ ਉਸ ਉੱਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ | ਇਸ ਤੋਂ ਪਤਾ ਲਗਦਾ ਹੈ ਕਿ ਉਥੇ ਕਾਨੂੰਨ ਦਾ ਡਰ ਲੋਕਾਂ ਵਿਚ ਖ਼ਤਮ ਹੋ ਚੁੱਕਾ ਹੈ ਅਤੇ ਉਹ ਜੰਗਲ ਰਾਜ ਬਣਾ ਕੇ ਹਰ ਰੋਜ਼ ਘੱਟ ਗਿਣਤੀਆਂ 'ਤੇ ਹਮਲੇ ਕਰ ਰਹੇ ਹਨ |
ਡਾ. ਪੰਮਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਘੱਟੋ-ਘੱਟ 42 ਹਮਲੇ ਹੋਏ ਹਨ ਅਤੇ 36 ਘਰਾਂ ਨੂੰ ਸਾੜਿਆ ਗਿਆ ਹੈ | ਕਈ ਮੰਦਰਾਂ 'ਤੇ ਹਮਲੇ ਅਤੇ ਜ਼ਮੀਨ ਹੜੱਪਣ ਦੀਆਂ ਘਟਨਾਵਾਂ ਹੋਈਆਂ ਹਨ | ਬੰਗਲਾ ਦੇਸ਼ ਵਿਚ ਯੂਨਸ ਦੀ ਅੰਤਰਿਮ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਦੀ ਹਿੰਸਾ ਵਿਚ ਮੌਤ ਹੋ ਚੁੱਕੀ ਹੈ |
ਡਾ. ਪੰਮਾ ਨੇ ਬੰਗਲਾ ਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਬੰਗਲਾ ਦੇਸ਼ ਸਰਕਾਰ ਨੂੰ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਬੰਗਲਾ ਦੇਸ਼ ਦੀ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰਕਾਰ ਬੰਗਲਾ ਦੇਸ਼ ਵਿਚ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੁੰਦੇ ਰਹੇ ਤਾਂ ਨੈਸ਼ਨਲ ਅਕਾਲੀ ਦਲ ਬੰਗਲਾ ਦੇਸ਼ ਖ਼ਿਲਾਫ਼ ਪ੍ਰਦਰਸ਼ਨ ਕਰੇਗਾ |
ਪਿਛਲੀ ਖ਼ਬਰ ਨਿਰੰਕਾਰ ਦੀ ਰਜ਼ਾ ਵਿਚ ਜੀਊਣਾ ਹੀ ਸੱਚੀ ਸਾਧਨਾ ਹੈ - ਮਾਤਾ ਸੁਦੀਕਸ਼ਾ ਅਗਲੀ ਖ਼ਬਰ ਦਿੱਲੀ ਵਿਚ ਵਾਤਾਵਰਨ ਦੀ ਸ਼ੁੱਧੀ ਲਈ ਚਲ ਰਿਹਾ ਯੱਗ ਸਮਾਪਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।