ਸੈਕਰਾਮੈਂਟੋ, 14 ਅਪ੍ਰੈਲ (ਹੁਸਨ ਲੜੋਆ ਬੰਗਾ)-ਇਕ 16 ਸਾਲਾ ਲੜਕੇ ਵਿਰੁੱਧ ਆਪਣੀ 18 ਸਾਲਾ ਮਤਰੇਈ ਭੈਣ ਦੀ ਮੌਤ ਦੇ ਮਾਮਲੇ 'ਚ ਪਹਿਲਾ ਦਰਜਾ ਹੱਤਿਆ ਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਗਏ ਹਨ | ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਰਿਵਾਰ ਛੁੱਟੀਆਂ ਮਨਾਉਣ ਲਈ ਕਰੂਜ ਸ਼ਿੱਪ 'ਤੇ ਸਫਰ ਕਰ ਰਿਹਾ ਸੀ | ਯੂ.ਐਸ. ਅਟਾਰਨੀ ਦੱਖਣੀ ਜ਼ਿਲ੍ਹਾ ਫਲੋਰਿਡਾ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਅਦਾਲਤੀ ਰਿਕਾਰਡ 'ਚ ਸ਼ੱਕੀ ਦਾ ਨਾਂਅ ਟੀ. ਐਚ. ਵਜੋਂ ਦਰਜ ਹੈ ਅਤੇ ਉਸ ਨੇ ਆਪਣੀ ਮਤਰੇਈ ਭੈਣ ਕੇਪਨਰ ਦਾ ਕਥਿਤ ਤੌਰ 'ਤੇ ਜਿਨਸੀ ਸੋਸ਼ਣ ਕੀਤਾ ਅਤੇ ਉਸ ਦੀ ਹੱਤਿਆ ਕੀਤੀ | ਕੇਪਨਰ ਦੀ ਲਾਸ਼ ਸ਼ਿੱਪ ਦੇ ਕੈਬਿਨ ਵਿਚੋਂ ਬਿਸਤਰੇ ਹੇਠੋਂ ਮਿਲੀ ਸੀ | ਸਮੁੰਦਰੀ ਜਹਾਜ਼ ਮਿਆਮੀ ਬੰਦਰਗਾਹ 'ਤੇ ਪੁੱਜਣ ਉਪਰੰਤ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ | ਸੰਘੀ ਗਰੈਂਡ ਜਿਊਰੀ ਨੇ ਕੌਮਾਂਤਰੀ ਪਾਣੀਆਂ ਵਿੱਚ ਹੋਏ ਕਤਲ ਦੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ | ਅਟਾਰਨੀ ਜੈਸਨ ਏ ਰੈਡਿੰਗ ਕੁਇਨੋਨਸ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਸਬੂਤ ਪੇਸ਼ ਕਰਨਗੇ ਤੇ ਪੇਸ਼ਾਵਾਰਾਨਾ ਢੰਗ ਨਾਲ ਕੇਸ ਲੜਣਗੇ |