ਲੈਸਟਰ (ਇੰਗਲੈਂਡ), 29 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਚੀਨ ਦੌਰਾ ਇਸ ਸਮੇਂ ਅੰਤਰਰਾਸ਼ਟਰੀ ਪੱਧਰ 'ਤੇ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਅਮਰੀਕਾ ਦੀ ਰਾਜਨੀਤੀ 'ਚ ਉਥਲ-ਪੁਥਲ ਦੀ ਸਥਿਤੀ ਬਣੀ ਹੋਈ ਹੈ ਤੇ ਵਿਸ਼ਵ ਤਾਕਤਾਂ ਵਿਚਕਾਰ ਤਣਾਅ ਵਧ ਰਿਹਾ ਹੈ | ਰਿਪੋਰਟਾਂ ਮੁਤਾਬਕ ਸਟਾਰਮਰ ਦਾ ਇਹ ਦੌਰਾ ਚੀਨ ਲਈ ਇਕ ਵੱਡਾ ਮÏਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਚੀਨ ਲਗਾਤਾਰ ਆਪਣੇ ਆਪ ਨੂੰ ਦੁਨੀਆ ਅੱਗੇ ਇਕ ਭਰੋਸੇਯੋਗ ਤੇ ਸਥਿਰ ਤਾਕਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਪਿਛੋਕੜ 'ਚ ਬਰਤਾਨਵੀ ਪ੍ਰਧਾਨ ਮੰਤਰੀ ਦਾ ਦੌਰਾ ਚੀਨ ਲਈ ਰਾਜਨੀਤਿਕ ਤੌਰ 'ਤੇ ਲਾਭਕਾਰੀ ਸਾਬਤ ਹੋ ਸਕਦਾ ਹੈ | ਦੂਜੇ ਪਾਸੇ, ਬਰਤਾਨੀਆ ਅੰਦਰ ਵੀ ਇਸ ਦੌਰੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ | ਕੁਝ ਲੋਕਾਂ ਦਾ ਮੰਨਣਾ ਹੈ ਕਿ ਬਰਤਾਨੀਆ ਨੂੰ ਅਮਰੀਕਾ ਨਾਲ ਰਵਾਇਤੀ ਸਾਂਝ ਨੂੰ ਧਿਆਨ 'ਚ ਰੱਖਦੇ ਹੋਏ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ |