ਲੰਡਨ, 29 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਲਿਜਾਣ ਲਈ ਤਸਕਰੀ ਗਰੋਹ ਵਲੋਂ ਵਰਤੇ ਜਾਂਦੇ ਚੀਨ ਦੇ ਬਣੇ ਛੋਟੀ ਕਿਸ਼ਤੀ ਦੇ ਪੁਰਜ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਚੀਨ ਦੇ ਨਾਲ ਇਕ ਨਵਾਂ ਸਰਹੱਦੀ ਸੁਰੱਖਿਆ ਸਮਝੌਤਾ ਕਰਨ ਜਾ ਰਹੇ ਹਨ | ਇਸ ਦਾ ਖੁਲਾਸਾ ਅੱਜ ਪ੍ਰਧਾਨ ਮੰਤਰੀ ਦਫਤਰ 10 ਡਾਊਨਿੰਗ ਸਟ੍ਰੀਟ ਨੇ ਕੀਤਾ ਹੈ | ਇਸ ਹਫਤੇ ਬੀਜਿੰਗ ਦੀ ਆਪਣੀ ਚੱਲ ਰਹੀ ਯਾਤਰਾ ਦੌਰਾਨ, ਸਟਾਰਮਰ ਨੇ ਤਣਾਅਪੂਰਨ ਕੁਝ ਸਾਲਾਂ ਬਾਅਦ ਦੁਵੱਲੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰੀਮੀਅਰ ਲੀ ਕਿਆਂਗ ਨਾਲ 'ਲਾਭਕਾਰੀ' ਗੱਲਬਾਤ ਕੀਤੀ | ਚੀਨ ਦੇ ਬਰਤਾਨਵੀ ਯਾਤਰੀਆਂ ਲਈ ਘੱਟ ਸਕੌਚ ਵਿਸਕੀ ਨਿਰਯਾਤ ਟੈਰਿਫ ਤੇ ਵੀਜ਼ਾ-ਮੁਕਤ ਯਾਤਰਾ ਤੋਂ ਇਲਾਵਾ, ਚੀਨੀ ਕਿਸ਼ਤੀਆਂ ਤੇ ਇੰਜਣ ਯੂਰਪ 'ਚ ਅਪਰਾਧਿਕ ਨੈਟਵਰਕ ਤੱਕ ਪਹੁੰਚਣ ਤੋਂ ਰੋਕਣ ਲਈ ਦੋਵੇਂ ਧਿਰਾਂ ਸਖ਼ਤ ਕਾਨੂੰਨ ਲਾਗੂ ਕਰਨ ਲਈ ਤਿਆਰ ਹਨ | ਬਰਤਾਨੀਆਂ ਤੇ ਚੀਨ ਦੇ ਤਲਖ਼ੀ ਭਰੇ ਰਿਸ਼ਤੇ ਹੁਣ ਸੁਧਰ ਰਹੇ ਹਨ | ਬੀਤੇ ਕੱਲ ਤੋਂ ਚੀਨ ਦੀ ਯਾਤਰਾ ਕਰ ਰਹੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬੀਜਿੰਗ 'ਚ ਐਲਾਨ ਕੀਤਾ ਹੈ ਕਿ ਬਰਤਾਨਵੀ ਨਾਗਰਿਕ 30 ਦਿਨਾਂ ਤੋਂ ਘੱਟ ਯਾਤਰਾਵਾਂ ਲਈ ਚੀਨ ਦੀ ਵੀਜ਼ਾ-ਮੁਕਤ ਯਾਤਰਾ ਕਰਨ ਦੇ ਯੋਗ ਹੋਣਗੇ | ਇਹ ਬਦਲਾਅ ਯੂ.ਕੇ. ਨੂੰ ਫਰਾਂਸ, ਜਰਮਨੀ, ਇਟਲੀ, ਆਸਟ੍ਰੇਲੀਆ ਤੇ ਜਾਪਾਨ ਆਦਿ ਦੀ ਲਾਇਨ 'ਚ ਲਿਆਂਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ 'ਚ ਕਾਰੋਬਾਰ ਆਪਣੇ ਨਿਸ਼ਾਨ ਵਧਾਉਣ ਦੇ ਤਰੀਕਿਆਂ ਲਈ ਆਪਣੀ ਪੂਰੀ ਤਾਕਤ ਨਾਲ ਅੱਗੇ ਵਧ ਰਹੇ ਹਨ | ਇਸ ਦੌਰਾਨ ਯੂ.ਕੇ. ਦੀ ਫਾਰਮਾਸਿਊਟੀਕਲ ਕੰਪਨੀ ਐਸਟਰਾਜੈਨਿਕਾ ਨੇ ਚੀਨ 'ਚ 15 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬੀਜਿੰਗ 'ਚ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਯੂ.ਕੇ. ਤੇ ਚੀਨ ਦੇ ਸੰਬੰਧ ਚੰਗੀ, ਮਜ਼ਬੂਤ ਸਥਿਤੀ 'ਚ ਹਨ | ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਬਹੁਤ ਉਤਰਾਅ ਚੜ੍ਹਾਅ ਆਏ ਪਰ ਇਸ ਮਿਲਣੀ ਨੂੰ ਟਾਲਿਆ ਨਹੀਂ ਜਾ ਸਕਦਾ ਸੀ | ਸ਼ੈਡੋ ਮੰਤਰੀ ਅਲੀਸੀਆ ਕੇਅਰਨਜ਼ ਦਾ ਕਹਿਣਾ ਹੈ ਕਿ ਸਟਾਰਮਰ ਨੂੰ 'ਬਿਨਾਂ ਕਿਸੇ ਸ਼ਰਤ ਦੇ ਚੀਨ ਨਹੀਂ ਜਾਣਾ ਚਾਹੀਦਾ ਸੀ ਕੀ ਉਹ ਜੇਲ੍ਹ 'ਚ ਬੰਦ ਲੋਕਤੰਤਰ ਪੱਖੀ ਕਾਰੋਬਾਰੀ ਜਿੰਮੀ ਲਾਈ ਨੂੰ ਲੈ ਕੇ ਸਵਾਲ ਉਠਾਏ | ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਇਹ ਮੁੱਦਾ ਉਠਾਇਆ ਸੀ |
ਬਰਤਾਨਵੀ ਨਾਗਰਿਕ ਬਿਨਾਂ ਵੀਜ਼ਾ ਕਰ ਸਕਣਗੇ ਚੀਨ ਦੀ ਯਾਤਰਾ-ਕੀਰ ਸਟਾਰਮਰ
ਅਜੀਤ ਡੈਸਕ
30-01-2026