ਲੰਡਨ, 29 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਥੋਂ ਦੇ ਸਿੰਧੀ ਮੰਦਿਰ 'ਚੋਂ ਲਿਆਂਦੇ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਬੰਧੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਿੱਖਾਂ ਦੇ ਹੱਕ 'ਚ ਫ਼ੈਸਲਾ ਸੁਣਾਇਆ | ਸਿੱਖ ਜਥੇਬੰਜੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਨੇ ਲੰਡਨ ਦੀ ਅਦਾਲਤ ਵਲੋਂ ਕੀਤੇ ਗਏ ਫ਼ੈਸਲੇ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਚਾਈ ਦੀ ਜਿੱਤ ਆਖਿਆ ਹੈ | ਆਰਗੇਨਾਈਜ਼ੇਸ਼ਨਜ਼ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਵੱਲੋਂ ਇਸ ਕੇਸ 'ਚ ਸਹਿਯੋਗ ਕਰਨ ਕਰਨ ਵਾਲੀਆਂ ਸਿੱਖ ਸੰਗਤਾਂ, ਪੰਥਕ ਸਖਸ਼ੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ | ਉਹਨਾਂ ਕਿਹਾ ਕਿ ਇਹ ਕੌਮੀ ਭਾਵਨਾਵਾਂ ਤੇ ਸਿੱਖ ਜਜ਼ਬਾਤਾਂ ਨਾਲ ਜੁੜਿਆ ਹੋਇਆ ਕੇਸ ਸੀ | ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨਾਲ ਸਬੰਧਿਤ ਸੀ | ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਇਸ ਕੇਸ ਦਾ ਸਿੱਖਾਂ ਦੇ ਹੱਕ 'ਚ ਫ਼ੈਸਲਾ ਕਰਵਾਇਆ ਹੈ | ਆਰਗੇਨਾਈਜ਼ੇਸ਼ਨਜ਼ ਨੇ ਕਿਹਾ ਕਿ ਭਵਿੱਖ 'ਚ ਇਸ ਸੰਬੰਧੀ ਯੂ.ਕੇ. ਪੱਧਰ ਦੀ ਸਰਬ ਸਾਂਝੀ ਕਮੇਟੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਦੁਬਾਰਾ ਅਜਿਹੀ ਕੌਮੀ ਜ਼ਜ਼ਬਾਤਾਂ ਨਾਲ ਜੁੜੇ ਨਾਜ਼ੁਕ ਮਸਲਿਆਂ ਦਾ ਸਾਹਮਣਾ ਨਾ ਕਰਨਾ ਪਵੇ |