ਗਲਾਸਗੋ, 22 ਜਨਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਚੈਂਬਰਜ਼ ਆਫ਼ ਕਾਮਰਸ ਦੇ ਬੋਰਡ ਨੇ ਸਕਾਟਲੈਂਡ ਦੇ ਸਿੱਖ ਚਿਹਰੇ ਚਰਨਦੀਪ ਸਿੰਘ ਨੂੰ ਆਪਣਾ ਨਵਾਂ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਸਕਾਟਲੈਂਡ ਦੇ ਸਿੱਖ ਭਾਈਚਾਰੇ 'ਚ ਖੁਸ਼ੀ ਪਾਈ ਜਾ ਰਹੀ ਹੈ | ਸਕਾਟਿਸ਼ ਚੈਂਬਰਜ ਆਫ ਕਾਮਰਸ ਦੇ ਪ੍ਰਧਾਨ ਰੋਡਨੀ ਆਇਰੇ ਦੀ ਅਗਵਾਈ 'ਚ ਯੂ.ਕੇ. ਭਰ ਤੋਂ ਭਰਤੀ ਪ੍ਰਕਿਰਿਆ ਤੋਂ ਬਾਅਦ ਚਰਨਦੀਪ ਸਿੰਘ ਨੂੰ ਬੋਰਡ ਦੀ ਸਰਬਸੰਮਤੀ ਨਾਲ ਮੁੱਖ ਕਾਰਜਕਾਰੀ ਚੁਣਿਆ ਗਿਆ | ਉਹ ਅਧਿਕਾਰਤ ਤੌਰ 'ਤੇ 1 ਫਰਵਰੀ 2026 ਨੂੰ ਸੀ.ਈ.ਓ. ਵਜੋਂ ਕਾਰਜ ਸੰਭਾਲਣਗੇ | ਨਵੇਂ ਸੀ.ਈ.ਓ. ਲਈ ਮੁੱਖ ਤਰਜੀਹਾਂ ਆਉਣ ਵਾਲੀਆਂ ਸਕਾਟਿਸ਼ ਚੋਣਾਂ ਦੌਰਾਨ ਕਾਰੋਬਾਰ ਦੇ ਮੁੱਦਿਆਂ ਨੂੰ ਰੱਖਣਾ, ਅਮਰੀਕਾ ਤੇ ਭਾਰਤ ਨਾਲ ਅੰਤਰਰਾਸ਼ਟਰੀ ਵਪਾਰ ਪ੍ਰੋਗਰਾਮਾਂ ਨੂੰ ਵਧਾਉਣਾ ਤੇ ਸਕਾਟਿਸ਼ ਚੈਂਬਰਜ਼ ਨੈਟਵਰਕ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਸਕਾਟਿਸ਼ ਦੇ ਵਪਾਰ ਨੂੰ ਵਧਾਉਣ ਲਈ ਇਕ ਮਜ਼ਬੂਤ ਨੀਤੀ ਪਲੇਟਫਾਰਮ ਬਣਾਇਆ ਜਾ ਸਕੇ | ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਪ੍ਰਧਾਨ, ਰੌਡਨੀ ਆਇਰੇ ਨੇ ਕਿਹਾ ਕਿ ਮੈਨੂੰ ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਮੁੱਖ ਕਾਰਜਕਾਰੀ ਦੇ ਵੱਕਾਰੀ ਅਹੁਦੇ ਲਈ ਚਰਨਦੀਪ ਸਿੰਘ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ | ਚਰਨਦੀਪ ਸਿੰਘ ਨੇ ਕਿਹਾ ਮੇਰੀ ਮੁੱਖ ਤਰਜੀਹ ਸਾਡੇ ਮੈਂਬਰਾਂ ਦੀ ਨੁਮਾਇੰਦਗੀ ਕਰਨ ਤੇ ਅਰਥਪੂਰਨ ਆਰਥਿਕ ਵਿਕਾਸ ਦੇ ਮੌਕੇ ਪੈਦਾ ਕਰਨ ਲਈ ਸਾਡੇ ਪੂਰੇ ਚੈਂਬਰ ਨੈਟਵਰਕ ਨਾਲ ਨੇੜਿਓਾ ਸਾਂਝੇਦਾਰੀ 'ਚ ਕੰਮ ਕਰਨਾ ਹੈ |