ਸਰੀ, 22 ਜਨਵਰੀ (ਸੰਦੀਪ ਸਿੰਘ ਧੰਜੂ)-ਸਰੀ ਸੀ ਫੇਸ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਤੌਰ 'ਤੇ ਰੱਖੇ ਸਮਾਗਮ ਦੌਰਾਨ ਪੰਜਾਬ ਤੋਂ ਆਏ ਬਹੁਪੱਖੀ ਸਖਸ਼ੀਅਤ ਧਰਮਪਾਲ ਪੈਂਥਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਧਰਮਪਾਲ ਪੈਂਥਰ ਨੇ ਉਨਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਦੇ ਵਿਸ਼ੇ ਤੇ ਅਜੋਕੇ ਸਮੇਂ 'ਚ ਉਨਾਂ ਵਿਸ਼ਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨਾਂ ਸੀ ਫੇਸ ਸੁਸਾਇਟੀ ਵੱਲੋਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਨਵੀਂ ਪੀੜੀ ਨੂੰ ਇਸ ਨਾਲ ਜੋੜਨ ਦੇ ਉਪਰਾਲਿਆਂ ਨੂੰ ਸਰਾਹਿਆ | ਇਸ ਦੌਰਾਨ ਸੁਸਾਇਟੀ ਦੇ ਡਾਇਰੈਕਟਰ ਭੁਪਿੰਦਰ ਸਿੰਘ ਲੱਧੜ ਨੇ ਉਹਨਾਂ ਦੀ ਸੰਸਥਾ ਵੱਲੋਂ ਕੀਤੇ ਗਏ ਹੁਣ ਤੱਕ ਦੇ ਯਤਨਾਂ 'ਤੇ ਚਾਨਣਾ ਪਾਉਂਦਿਆਂ ਉਨਾਂ ਨੂੰ ਇਸ ਸਬੰਧੀ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ | ਧਰਮਪਾਲ ਪੈਂਥਰ ਨੇ ਆਪਣੇ ਇਸ ਕੈਨੇਡਾ ਦੌਰੇ ਦੌਰਾਨ ਹੋਏ ਅਨੁਭਵ ਸਾਂਝੇ ਕੀਤੇ ਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਕੀਤੀ ਪ੍ਰਾਪਤੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਸਨਮਾਨ ਦੌਰਾਨ ਸੀ ਫੇਸ ਸੁਸਾਇਟੀ ਵੱਲੋਂ ਉਨਾਂ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇਂ ਬਾਕੀ ਡਾਇਰੈਕਟਰ ਮਨਜੀਤ ਸਿੰਘ ਚੀਮਾ, ਕੰਵਲਜੀਤ ਸਿੰਘ ਮਾਨਾਂਵਾਲਾ, ਇੰਦਰਜੀਤ ਸਿੰਘ ਲੱਧੜ, ਲਖਵੀਰ ਸਿੰਘ ਗਰੇਵਾਲ, ਅੰਮਿ੍ਤਪਾਲ ਸਿੰਘ ਢੋਟ ਤੇ ਸ੍ਰੀਕਾਂਤ ਹਾਜਰ ਸਨ | ਇਸ ਮੌਕੇ ਚੇਤਨਾ ਸੁਸਾਇਟੀ ਦੇ ਪ੍ਰਧਾਨ ਜੈ ਵਿਰਦੀ, ਅਨੁਰਾਗ ਭਾਟੀਆ, ਸੁਰਜੀਤ ਬੈਂਸ, ਪਾਲ ਕੌਰ ਅਤੇ ਮਲਿਕਾ ਭਾਟੀਆ ਨੇ ਵੀ ਸ਼ਮੂਲੀਅਤ ਕੀਤੀ | ਸਮਾਗਮ ਦੇ ਅੰਤ 'ਚ ਭੁਪਿੰਦਰ ਸਿੰਘ ਲੱਧੜ ਨੇ ਧਰਮਪਾਲ ਪੈਂਥਰ ਦੇ ਸਨਮਾਨ ਲਈ ਇਕੱਤਰ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ |