ਰੋਹਿਤ ਸ਼ਰਾਫ ਦਾ ਦਿਲ 'ਲਾਪਤਾ ਲੇਡੀਜ਼' ਵਾਲੀ ਅਭਿਨੇਤਰੀ ਪ੍ਰਤਿਭਾ ਰਾਂਟਾ 'ਤੇ ਆਇਆ ਹੋਇਆ ਹੈ ਤੇ ਦੋਵਾਂ ਦੇ ਪ੍ਰਸੰਸਕ ਇਸ ਜੋੜੀ ਦੀ ਪਿਆਰ ਕਹਾਣੀ ਨੂੰ ਪ੍ਰਵਾਨ ਹੋਇਆ ਦੇਖਣਾ ਚਾਹੁੰਦੇ ਹਨ। ਤੀਹ ਸਾਲ ਦੇ ਹਨ ਰੋਹਿਤ, ਜਿਨ੍ਹਾਂ ਨੇ ਅਜੇ ਤੱਕ ਪ੍ਰਤਿਭਾ ਨਾਲ ਆਪਣੇ ਸੰਬੰਧਾਂ ਨੂੰ ਕੋਈ ਵੀ ਨਾਂਅ ਨਹੀਂ ਦਿੱਤਾ, ਜਦ ਕਿ ਬਰੇਕ ਫਾਸਟ, ਲੰਚ ਤੇ ਡਿਨਰ ਅਕਸਰ ਪ੍ਰਤਿਭਾ ਤੇ ਰੋਹਿਤ ਇਕੱਠੇ ਕਰਦੇ ਦੇਖੇ ਜਾ ਰਹੇ ਹਨ। ਭੰਸਾਲੀ ਦੀ ਸੀਰੀਜ਼ 'ਹੀਰਾ ਮੰਡੀ' 'ਚ ਵੀ ਪ੍ਰਤਿਭਾ ਦੀ ਪ੍ਰਤਿਭਾ ਦੇਖ ਕੇ ਫ਼ਿਲਮੀ ਪਿਆਰੇ ਪ੍ਰਸੰਨ ਚਿੱਤ ਹੋਏ ਹਨ। ਇਸ ਦੌਰਾਨ ਪ੍ਰਤਿਭਾ ਦੇ ਚਹੇਤਿਆਂ ਲਈ ਵਧੀਆ ਖ਼ਬਰ ਇਹ ਹੈ ਕਿ ਪ੍ਰਤਿਭਾ ਨੂੰ ਸਿਧਾਂਤ ਚਤੁਰਵੇਦੀ ਨਾਲ ਫ਼ਿਲਮ 'ਡੀਅਰ ਕਾਮਰੇਡ' ਮਿਲੀ ਹੈ। ਇਹ ਫ਼ਿਲਮ ਤੇਲਗੂ ਦੀ 'ਡੀਅਰ ਕਾਮਰੇਡ' ਦਾ ਰੀਮੇਕ ਹੋਏਗੀ, ਜਿਸ ਦੇ ਤੇਲਗੂ ਭਾਗ 'ਚ ਵਿਜੈ ਦੇਵਰਕੋਂਡਾ ਤੇ ਰਸ਼ਮਿਕਾ ਮੰਧਾਨਾ ਪ੍ਰਮੁੱਖ ਕਲਾਕਾਰ ਰਹੇ ਹਨ। ਆਪਣੀ ਜਜ਼ਬਾਤੀ ਅਭਿਨੈ ਸ਼ੈਲੀ ਤੇ ਮਸੂਮੀਅਤ ਲਈ ਪ੍ਰਸਿੱਧ ਪ੍ਰਤਿਭਾ ਰਾਂਟਾ ਇਸ ਫ਼ਿਲਮ ਵਿਚ ਕ੍ਰਿਕਟਰ ਲੜਕੀ ਦਾ ਕਿਰਦਾਰ ਕਰ ਰਹੀ ਹੈ। ਧਰਮਾ ਪ੍ਰੋਡਕਸ਼ਨ ਦੇ ਸੂਤਰ ਗਵਾਹੀ ਦੇ ਰਹੇ ਹਨ ਕਿ 'ਡੀਅਰ ਕਾਮਰੇਡ' ਲਈ ਜਿਸ ਨਾਇਕਾ ਦੀ ਉਹ ਭਾਲ ਕਰ ਰਹੇ ਸਨ, ਉਸ 'ਚ ਪ੍ਰਤਿਭਾ ਹੀ ਬਿਲਕੁਲ ਢੁਕਵੀਂ ਹੈ। ਪ੍ਰਤਿਭਾ ਰਾਂਟਾ ਨੂੰ ਉਸ ਦੇ ਮਿੱਤਰ ਦੇ ਘਰੇ 'ਜਯਾ' ਨਾਂਅ ਨਾਲ ਹੀ ਜਾਣਿਆ ਜਾਂਦਾ ਹੈ। ਹੋਰ ਤਾਂ ਹੋਰ ਉਹ 'ਫ਼ਿਲਮ ਫੇਅਰ ਸਨਮਾਨ' ਵੀ ਹਾਸਿਲ ਕਰ ਚੁੱਕੀ ਹੈ। 'ਰੈਵੋਲੂਸ਼ਨਰੀ' ਫ਼ਿਲਮ 'ਚ ਵੀ ਉਹ ਆਪਣੇ ਦਿਲ ਦੇ ਪਿਆਰੇ ਸਾਥੀ ਰੋਹਿਤ ਸਰਾਫ਼ ਨਾਲ ਨਜ਼ਰ ਆ ਸਕਦੀ ਹੈ ਤੇ ਸਿਧਾਂਤ ਨਾਲ 'ਡੀਅਰ ਕਾਮਰੇਡ' ਤਾਂ ਪ੍ਰਤਿਭਾ ਦਾ ਕਰੀਅਰ ਹੀ ਇਕਦਮ ਸੰਸੇਕਸ ਦੇ ਉਛਾਲ ਦੀ ਤਰ੍ਹਾਂ ਉੱਪਰ ਲਿਜਾਣ ਵਾਲੀ ਫ਼ਿਲਮ ਬਣ ਸਕਦੀ ਹੈ। ਸ਼ਿਮਲਾ ਦੀ ਰਹਿਣ ਵਾਲੀ ਪ੍ਰਤਿਭਾ ਰਾਂਟਾ ਨੇ ਕਿਹਾ ਹੈ ਕਿ 'ਲਾਪਤਾ ਲੇਡੀਜ਼' ਨੇ ਉਸ ਨੂੰ ਖੂਬ ਪਹਿਚਾਣ ਦਿੱਤੀ ਹੈ ਤੇ 'ਡੀਅਰ ਕਾਮਰੇਡ' ਫ਼ਿਲਮ ਨਾਲ ਉਸ ਦਾ ਕਰੀਅਰ ਇਕਦਮ ਚੋਟੀ 'ਤੇ ਆ ਜਾਵੇਗਾ। ਭਰਾ ਰਾਘਵ ਰਾਂਟਾ ਤੇ ਭੈਣ ਆਭਾ ਰਾਂਟਾ ਪੜ੍ਹ-ਲਿਖ ਕੇ ਅਫ਼ਸਰ ਬਣਨ ਤਾਂ ਕਿ ਪਿਤਾ ਰਾਜੇਸ਼ ਰਾਂਟਾ ਤੇ ਮਾਂ ਸੰਦੇਸਨਾ ਰਾਂਟਾ ਦਾ ਸਿਰ ਫਖ਼ਰ ਨਾਲ ਉੱਚਾ ਹੋਵੇ, ਪ੍ਰਤਿਭਾ ਦੀ ਇਹ ਖਾਹਿਸ਼ ਹੈ। ਟੈਲੀਵਿਜ਼ਨ ਸ਼ੋਅ 'ਕੁਰਬਾਨ' ਨਾਲ ਅਭਿਨੈ ਯਾਤਰਾ ਸ਼ੁਰੂ ਕਰਨ ਵਾਲੀ ਪ੍ਰਤਿਭਾ ਦੇ ਡੇਢ ਮਿਲੀਅਨ ਫਾਲੋਅਰਜ਼ ਇੰਸਟ੍ਰਾਗਰਾਮ 'ਤੇ ਹਨ। ਰੋਟੀ ਪਿੱਛੇ ਹਿਮਾਚਲ 'ਚ ਪ੍ਰਤਿਭਾ ਦੇ ਮਾਪੇ ਅੱਜ ਵੀ ਸੇਬਾਂ ਦੇ ਬਾਗ਼ਾਂ ਦੇ ਰਖਵਾਲੇ ਹਨ। ਪ੍ਰਤਿਭਾ ਰਾਂਟਾ ਨੇ ਕਿਹਾ ਕਿ 'ਡੀਅਰ ਕਾਮਰੇਡ' ਆਉਣ ਦਿਓ, ਅੱਜ ਮਾਪੇ ਬਾਗਾਂ ਦੇ ਮਾਲੀ ਹਨ, ਫਿਰ ਇਕ ਅੱਖਰ ਹੋਰ ਜੋੜ ਲੈਣਾ ਤੇ ਉਹ ਮਾਲਿਕ ਬਣ ਜਾਣਗੇ।
-ਸੁਖਜੀਤ ਕੌਰ