ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਦ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਇ ਸਬਜੈਕਟ 2026 ਵਿਚ ਮੈਡੀਸਿਨ ਤੇ ਹੈਲਥ ਸ਼੍ਰੇਣੀ 'ਚ ਮਹੱਤਵਪੂਰਨ 251-300 ਗਲੋਬਲ ਰੈਂਕ ਬੈਂਡ ਵਿਚ ਸਥਾਨ ਹਾਸਿਲ ਕਰਕੇ ਇਕ ਵੱਡੀ ਉਪਲਬਧੀ ਦਰਜ ਕੀਤੀ ਹੈ | ਯੂਨੀਵਰਸਿਟੀ ਨੂੰ ਇਸ ਸ਼੍ਰੇਣੀ ਦੇ ਰਿਸਰਚ ਕਵਾਲਿਟੀ ਪੈਰਾਮੀਟਰ 'ਚ 85.2 ਦਾ ਸ਼ਾਨਦਾਰ ਸਕੋਰ ਮਿਲਿਆ ਹੈ, ਜੋ ਇਸ ਸ਼੍ਰੇਣੀ 'ਚ ਆਕੀ ਗਈਆਂ ਉੱਚ ਸਿੱਖਿਆ ਸੰਸਥਾਵਾਂ ਵਿਚ ਇਸ ਦੀ ਮਜ਼ਬੂਤ ਖੋਜ ਸਮਰੱਥਾ ਨੂੰ ਦਰਸਾਉਂਦਾ ਹੈ | ਇਸ ਵਿਸ਼ਾ-ਆਧਾਰਿਤ ਗਲੋਬਲ ਰੈਂਕਿੰਗ ਵਿਚ ਸੀਯੂ ਪੰਜਾਬ ਨੂੰ ਫਿਜ਼ਿਕਲ ਸਾਇੰਸਜ਼ ਵਿਚ 401-500 ਗਲੋਬਲ ਰੈਂਕ ਬੈਂਡ ਤੇ ਲਾਈਫ ਸਾਇੰਸਜ਼ ਵਿਚ 601-800 ਗਲੋਬਲ ਰੈਂਕ ਬੈਂਡ ਵੀ ਪ੍ਰਾਪਤ ਹੋਇਆ ਹੈ | ਸਮੁੱਚੇ ਤੌਰ 'ਤੇ ਵੀ ਯੂਨੀਵਰਸਿਟੀ ਨੇ ਦ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 'ਚ 601-800 ਗਲੋਬਲ ਰੈਂਕ ਬੈਂਡ ਨਾਲ ਆਪਣੀ ਮਜ਼ਬੂਤ ਅੰਤਰਰਾਸ਼ਟਰੀ ਹਾਜ਼ਰੀ ਕਾਇਮ ਰੱਖੀ ਹੈ | ਮੈਡੀਸਿਨ ਤੇ ਹੈਲਥ ਸ਼੍ਰੇਣੀ ਵਿਚ ਸੀ. ਯੂ. ਪੰਜਾਬ ਤੋਂ ਇਲਾਵਾ ਸੇਵਿਥਾ ਇੰਸਟੀਚਿਊਟ ਆਫ਼ ਹੈਲਥ ਸਾਇੰਸਜ਼ ਹੀ ਇਕੋ-ਇਕ ਹੋਰ ਭਾਰਤੀ ਸੰਸਥਾ ਹੈ, ਜਿਸ ਨੂੰ 251-300 ਗਲੋਬਲ ਰੈਂਕ ਬੈਂਡ ਵਿਚ ਸ਼ਾਮਿਲ ਕੀਤਾ ਗਿਆ ਹੈ | ਇਹ ਉਪਲੱਬਧੀ ਮੈਡੀਕਲ ਤੇ ਹੈਲਥ ਸਾਇੰਸਜ਼ ਦੇ ਅਧਿਆਪਨ ਅਤੇ ਖੋਜ ਖੇਤਰ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੱਧਦੇ ਪ੍ਰਭਾਵ ਨੂੰ ਰੌਸ਼ਨ ਕਰਦੀ ਹੈ | ਫ਼ਿਜ਼ਿਕਲ ਸਾਇੰਸਜ਼ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 'ਚ 401-500 ਰੈਂਕ ਬੈਂਡ ਹਾਸਿਲ ਕਰਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਇਕ ਵਿਸ਼ੇਸ਼ ਸਮੂਹ ਵਿਚ ਸ਼ਾਮਿਲ ਹੋ ਗਈ ਹੈ, ਜਿੱਥੇ ਭਾਰਤ ਤੋਂ ਕੇਵਲ ਸੱਤ ਹੋਰ ਉੱਚ ਸਿੱਖਿਆ ਸੰਸਥਾਵਾਂ ਹੀ ਗਲੋਬਲ ਟੌਪ 500 'ਚ ਸ਼ਾਮਿਲ ਹਨ | ਇਸੇ ਤਰ੍ਹਾਂ, ਲਾਈਫ ਸਾਇੰਸਜ਼ ਵਿਚ 601-800 ਰੈਂਕ ਬੈਂਡ ਦੇ ਨਾਲ ਸੀਯੂ ਪੰਜਾਬ ਭਾਰਤ ਦੀਆਂ ਉਨ੍ਹਾਂ ਸਿਖਰਲੀਆਂ 28 ਸੰਸਥਾਵਾਂ ਵਿਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੂੰ ਵਿਸ਼ਵ ਦੇ ਟੌਪ 800 ਵਿਚ ਸਥਾਨ ਪ੍ਰਾਪਤ ਹੋਇਆ ਹੈ | ਇਸ ਸ਼੍ਰੇਣੀ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਤੇ ਭਾਰਤੀ ਵਿਗਿਆਨ ਸੰਸਥਾਨ ਭਾਰਤੀ ਸੰਸਥਾਵਾਂ ਦੀ ਅਗਵਾਈ ਕਰਦੇ ਹੋਏ 201-250 ਗਲੋਬਲ ਰੈਂਕ ਬੈਂਡ 'ਚ ਸ਼ਾਮਿਲ ਹਨ | ਰੈਂਕਿੰਗਜ਼ 'ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਖੋਜ ਆਊਟਪੁੱਟ ਅਤੇ ਸਾਈਟੇਸ਼ਨ 'ਚ ਸੀ. ਯੂ. ਪੰਜਾਬ ਦੀ ਲਗਾਤਾਰ ਪ੍ਰਗਤੀ ਉਸ ਦੇ ਮਜ਼ਬੂਤ ਤੇ ਉੱਚ ਗੁਣਵੱਤਾ ਵਾਲੇ ਖੋਜ ਪਰਿਸਥਿਤਿਕ ਤੰਤਰ ਨੂੰ ਦਰਸਾਉਂਦੀ ਹੈ |