02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਪੁਸਤਕ ਦਾਨ ਮਹਾਂ ਦਾਨ' ਮੁਹਿੰਮ ਤਹਿਤ ਪ੍ਰੋ. ਜਸਪਾਲ ਘਈ ਵਲੋਂ 250 ਪੁਸਤਕਾਂ ਦਾਨ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਤੇ ਤਰਨਤਾਰਨ ਵਲੋਂ ਚਲਾਈ ਜਾ ਰਹੀ 'ਪੁਸਤਕ ਦਾਨ ਮਹਾਂ ਦਾਨ' ਮੁਹਿੰਮ ਤਹਿਤ ਪ੍ਰੋ. ਜਸਪਾਲ ਘਈ ਨੇ 250 ਪੁਸਤਕਾਂ ਦਾਨ ਕਰਕੇ ਮੁਹਿੰਮ ਨੂੰ ਵਿਸ਼ੇਸ਼ ਸਹਿਯੋਗ ਦਿੱਤਾ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਪੁਸਤਕਾਂ ਲੋੜਵੰਦ ਪੇਂਡੂ ਲਾਇਬਰੇਰੀਆਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਤਾਂ ਜੋ ਪਿੰਡਾਂ ਦੇ ਪਾਠਕਾਂ ਤੱਕ ਵੀ ਗਿਆਨ ਦੀ ਰੌਸ਼ਨੀ ਪਹੁੰਚ ਸਕੇ | ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰੋ. ਜਸਪਾਲ ਘਈ ਸੇਵਾ ਮੁਕਤ ਹੋਇਆਂ ਕਈ ਵਰ੍ਹੇ ਬੀਤ ਚੁੱਕੇ ਹਨ, ਪਰ ਗਿਆਨ ਸਹਿਤ ਤੇ ਭਾਸ਼ਾ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਅੱਜ ਵੀ ਉਨ੍ਹੀਂ ਹੀ ਮਜ਼ਬੂਤ ਹੈ | ਪਿਛਲੇ ਇਕ ਦਹਾਕੇ ਤੋਂ ਉਹ ਕਵਿਤਾ ਦੇ ਨਾਲ-ਨਾਲ ਅਨੁਵਾਦ ਦੇ ਖੇਤਰ ਵਿਚ ਨਿਰੰਤਰ ਅਤੇ ਅਥਾਹ ਮਿਹਨਤ ਨਾਲ ਕਾਰਜ ਕਰ ਰਹੇ ਹਨ | ਹਰ ਸਾਲ ਲਗਪਗ 10 ਪੁਸਤਕਾਂ ਦਾ ਅਨੁਵਾਦ ਕਰਦੇ ਹੋਏ ਪ੍ਰੋ. ਘਈ ਹੁਣ ਤੱਕ ਕਰੀਬ 100 ਦੇ ਆਸ-ਪਾਸ ਵਿਸ਼ਵ ਦੀਆਂ ਪ੍ਰਸਿੱਧ ਕਲਾਸਿਕ ਪੁਸਤਕਾਂ ਪੰਜਾਬੀ 'ਚ ਰੂਪਾਂਤਰਿਤ ਕਰ ਚੁੱਕੇ ਹਨ | ਡਾ. ਸੰਧੂ ਨੇ ਦੱਸਿਆ ਕਿ ਪ੍ਰੋ. ਘਈ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਰੋਜ਼ ਲਗਪਗ 10 ਪੰਨਿਆਂ ਦਾ ਅਨੁਵਾਦ ਕਰਦੇ ਹਨ ਅਤੇ ਪੂਰੀ ਪੁਸਤਕ ਨੂੰ ਮੋਬਾਈਲ 'ਤੇ ਖ਼ੁਦ ਟਾਈਪ ਕਰਦੇ ਹਨ | ਅਨੁਵਾਦ ਦੌਰਾਨ ਉਹ ਕਿਸੇ ਵੀ ਆਧੁਨਿਕ ਤਕਨੀਕ ਦਾ ਸਹਾਰਾ ਨਹੀਂ ਲੈਂਦੇ, ਸਗੋਂ ਆਪਣੇ ਵਿਵੇਕ, ਅਨੁਭਵ ਅਤੇ ਭਾਸ਼ਾਈ ਸਮਝ ਦੇ ਆਧਾਰ 'ਤੇ ਰਚਨਾ ਦੀ ਆਤਮਾ ਨੂੰ ਬਰਕਰਾਰ ਰੱਖਦੇ ਹਨ | ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ 'ਤੇ ਉਨ੍ਹਾਂ ਦੀ ਇਕ ਸਾਥ ਪਕੜ ਉਨ੍ਹਾਂ ਨੂੰ ਅਨੁਵਾਦ ਦੇ ਖੇਤਰ ਵਿਚ ਵਿਲੱਖਣ ਦਰਜਾ ਦਿਵਾਉਂਦੀ ਹੈ | ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਪ੍ਰੋ. ਜਸਪਾਲ ਘਈ ਦੇ ਸਿਰੜ, ਸੇਵਾ ਤੇ ਸਾਹਿਤਕ ਯੋਗਦਾਨ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ | ਨਾਲ ਹੀ ਹੋਰ ਪਾਠਕਾਂ, ਲੇਖਕਾਂ ਤੇ ਵਿਦਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਇਸ ਮਹਾਨ ਮੁਹਿੰਮ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਪੁਸਤਕਾਂ ਦਾਨ ਕਰਨ | ਇਸ ਮੌਕੇ ਰੋਟੇਰੀਅਨ ਹਰਵਿੰਦਰ ਘਈ ਵੀ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆਂ ਦੀ ਬਰਸੀ ਸਮਾਗਮ ਸ਼ੁਰੂ ਅਗਲੀ ਖ਼ਬਰ ਮਯੰਕ ਫਾਊਾਡੇਸ਼ਨ ਵਲੋਂ ਸੜਕ ਸੁਰੱਖਿਆ ਮਹੀਨੇ ਤਹਿਤ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।