ਫਿਰੋਜ਼ਪੁਰ, 22 ਜਨਵਰੀ (ਸੁਖਵਿੰਦਰ ਸਿੰਘ)-ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਹਰ ਸਮੇਂ ਨੌਜਵਾਨਾਂ ਦੇ ਭਵਿੱਖ ਲਈ ਅੱਗੇ ਵਧ ਕੇ ਕੰਮ ਕਰ ਰਿਹਾ ਹੈ | ਇਹ ਅਦਾਰਾ ਸੂਬਾ ਸਰਕਾਰ ਦੇ ਉਪਰਾਲੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਜਿਥੇ ਮੋਹਰੀ ਬਣ ਕੇ ਕੰਮ ਕਰ ਰਿਹਾ ਹੈ, ਉਥੇ ਹੀ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਿਹਾ ਸਿਖਲਾਈ ਅਤੇ ਰੁਜ਼ਗਾਰ ਕੇਂਦਰ ਜ਼ਿਲ੍ਹੇ ਦੇ ਨੌਜਵਾਨ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਨੇ ਦਿੱਤੀ | ਜਾਣਕਾਰੀ ਦਿੰਦਿਆਂ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ 1110 ਨੌਜਵਾਨਾਂ ਨੂੰ ਇਥੇ ਸਿਖਲਾਈ ਦਿੱਤੀ ਗਈ, ਜਿਸ 'ਚ 438 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ ਹੈ | ਜਿਨ੍ਹਾਂ 'ਚ 223 ਆਰਮੀ ਅਗਨੀਵੀਰ ਭਰਤੀ, ਪੰਜਾਬ ਪੁਲਿਸ 'ਚ 6, ਪੈਰਾ ਮਿਲਟਰੀ ਫੋਰਸ ਵਿਚ 9, ਸਰਕਾਰੀ ਨੌਕਰੀ ਦੇ ਵਿਚ 4, ਪ੍ਰਾਈਵੇਟ ਨੌਕਰੀਆਂ 'ਚ 37 ਤੇ ਸਵੈ ਰੁਜ਼ਗਾਰ 8 ਸ਼ਾਮਿਲ ਹਨ | ਇਸ ਤੋਂ ਇਲਾਵਾ 150 ਯੁਵਕਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਪੰਜਾਬ ਸਰਕਾਰ ਵਲੋਂ ਪਰੋਟਾ ਟੈਕ ਕੰਪਨੀ ਪ੍ਰਾਈਵੇਟ ਲਿਮਟਿਡ ਨਾਲ ਤਾਲਮੇਲ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸਿਕਿਉਰਿਟੀ ਗਾਰਡ ਦਾ ਕੋਰਸ ਕਰਵਾਇਆ, ਜਿਸ 'ਚ ਵਧੇਰੇ ਨੌਜਵਾਨਾਂ ਨੂੰ ਪੈਸਕੋ ਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿਚ ਰੁਜ਼ਗਾਰ ਮਿਲਿਆ | ਇਸ ਤੋਂ ਇਲਾਵਾ ਨੌਜਵਾਨਾਂ ਦੇ ਸੈੱਲਫ਼ ਡਿਸਪਲਨ, ਪਰਸਨੈਲਟੀ ਡਿਵੈਲਪਮੈਂਟ ਤੇ ਕਮਨੀਕੇਸ਼ਨ ਸਕਿਲ ਵਿਚ ਵੀ ਵਾਧਾ ਕੀਤਾ ਜਾਂਦਾ ਹੈ | 2 ਨੌਜਵਾਨਾਂ ਨੂੰ ਸਟੇਟ ਇੰਸਟੀਚਿਊਟ ਆਫ ਆਟੋ ਮੇਟਿਵ ਅਤੇ ਡਰਾਈਵਿੰਗ ਸਕਿਲ ਮਾਹੂੰਆਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫ਼ਤ ਜੇ. ਸੀ. ਬੀ. ਦਾ ਕੋਰਸ ਕਰਵਾਇਆ | 13 ਨੌਜਵਾਨਾਂ ਨੂੰ ਆਈ. ਆਈ. ਟੀ. ਰੋਪੜ ਵਿਖੇ ਡਰੋਨ ਆਪਰੇਟਿੰਗ ਦਾ ਕੋਰਸ ਕਰਾਇਆ | ਕੋਰਸ ਕਰਨ ਵਾਲੇ ਨੌਜਵਾਨ ਆਪਣੇ ਆਪਣੇ ਖੇਤਰ ਵਿਚ ਵਧੀਆ ਕੰਮ ਕਰ ਰਹੇ ਹਨ | ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਵਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਜਿਨ੍ਹਾਂ ਨੂੰ ਯੋਗਤਾ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਟ੍ਰੇਨਿੰਗ ਤੇ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸੀ-ਪਾਈਟ ਵਿਚ ਲਿਖਤੀ ਪੇਪਰ ਤੇ ਫਿਜੀਕਲ ਟ੍ਰੇਨਿੰਗ ਦੋਨੇਂ ਦੀ ਤਿਆਰੀ ਕਰਾਈ ਜਾਂਦੀ ਹੈ, ਜਿਥੇ ਵਧੀਆ ਤਜਰਬੇਕਾਰ ਸਟਾਫ, ਡਿਜੀਟਲ ਕਲਾਸ ਰੂਮ, ਉੱਚ ਪੱਧਰੀ ਟਰੈਕ, ਡਾਇਨਿੰਗ ਹਾਲ, ਵਧੀਆ ਹੋਸਟਲ, ਇੰਡੋਰ ਤੇ ਓਪਨ ਜਿੰਮ ਅਤੇ ਹੋਰ ਵੀ ਸਹੂਲਤਾਂ ਹਨ ਨੌਜਵਾਨਾਂ ਨੂੰ ਟ੍ਰੇਨਿੰਗ ਸਮੇਂ ਪੰਜਾਬ ਸਰਕਾਰ ਦੁਆਰਾ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ |