ਸ਼ੇਰਪੁਰ, 22 ਜਨਵਰੀ (ਦਰਸ਼ਨ ਸਿੰਘ ਖੇੜੀ)- ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਵਲੋਂ ਕਮੇਟੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਦੋ ਨਸ਼ੇ ਦਾ ਸੇਵਨ ਕਰਨ ਦੇ ਆਦੀ ਨੌਜਵਾਨਾਂ ਨੂੰ ਛੰਨਾ ਰੋਡ ਸ਼ੇਰਪੁਰ ਤੋਂ ਚਿੱਟੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦਿਆਂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਦੱਸਣ ਅਨੁਸਾਰ ਇਹ ਬੱਸ ਸਟੈਂਡ ਬਰਨਾਲਾ ਦੇ ਪਿਛਲੇ ਪਾਸੇ ਬਣੀ ਬਸਤੀ ਵਿਚੋਂ ਸੰਜੂ ਨਾਮ ਦੇ ਵਿਅਕਤੀ ਕੋਲੋਂ 1700 ਰੁਪਏ ਦਾ ਚਿੱਟਾ ਖਰੀਦ ਕੇ ਲਿਆਏ ਹਨ | ਉਨ੍ਹਾਂ ਦੱਸਿਆ ਕਿ ਕਸਬਾ ਸ਼ੇਰਪੁਰ ਵਿਚ ਨਸ਼ਾ ਰੋਕੂ ਕਮੇਟੀ ਵਲੋਂ ਨਸ਼ਿਆਂ ਖ਼ਿਲਾਫ਼ ਲਗਾਏ ਪੱਕੇ ਪਹਿਰੇ ਕਾਰਨ ਹੁਣ ਸ਼ੇਰਪੁਰ ਵਿਚ ਚਿੱਟਾ ਨਹੀਂ ਵਿਕਦਾ ਹੈ ਇਸੇ ਲਈ ਇਹ ਨੌਜਵਾਨ ਹੁਣ ਬਾਹਰਲੇ ਇਲਾਕਿਆਂ ਤੋਂ ਚਿੱਟਾ ਲਿਆਉਂਦੇ ਹਨ | ਉਨ੍ਹਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਚਿੱਟੇ ਉਪਰ ਮੁਕੰਮਲ ਰੋਕ ਲਗਾਉਣ ਲਈ ਸਖਤ ਕਦਮ ਚੁੱਕਣ ਦੀ ਅਪੀਲ ਵੀ ਕੀਤੀ |