ਜਖੇਪਲ, 22 ਜਨਵਰੀ (ਮੇਜਰ ਸਿੰਘ ਸਿੱਧੂ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੇ ਵਿਹੜੇ ਵਿਚ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਜੋਤੀ ਕੌਰ ਦਾ ਦੂਸਰਾ ਬਾਲ ਕਵੀ ਸੰਗ੍ਰਹਿ ਹਿੰਮਤ ਕਰੀਂ ਜ਼ਰੂਰ ਅਤੇ ਇੱਕ 25 ਵਿਦਿਆਰਥੀਆਂ ਦਾ ਸਾਂਝਾ ਬਾਲ ਕਾਵਿ ਸੰਗ੍ਰਹਿ ਤਾਰਿਆਂ ਦੀ ਝਿਲਮਿਲ ਦੀ ਘੁੰਡ ਚੁਕਾਈ ਦੀ ਰਸਮ ਸੇਵਾ ਮੁਕਤ ਪਿੰ੍ਰਸੀਪਲ ਡਾ. ਇਕਬਾਲ ਸਿੰਘ ਸਕਰੌਦੀ ਅਤੇ ਸਕੂਲ ਇੰਚਾਰਜ ਮੁਨੀਸ਼ ਵਰਮਾ ਵਲੋਂ ਕੀਤੀ ਗਈ | ਇਨ੍ਹਾਂ ਕਿਤਾਬਾਂ ਨੂੰ ਤਿਆਰ ਕਰਤਾ ਅਤੇ ਵਿਦਿਆਰਥੀਆਂ ਨੂੰ ਹਲਾਸ਼ੇਰੀ ਦੇਣ ਵਾਲੇ ਅਧਿਆਪਕ ਪ੍ਰਗਟ ਮਹਿਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਸਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ | ਇਸ ਕਰਕੇ ਇੱਕ ਲੇਖਣੀ ਕਲਾ ਨਾਲ ਹੀ ਆਪਾਂ ਇਨ੍ਹਾਂ ਨੰੂ ਪੰਜਾਬੀ ਨਾਲ ਜੋੜ ਸਕਦੇ ਹਾਂ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਕਵਿਤਾ ਲਿਖਣ ਦੀਆਂ ਬਰੀਕੀਆਂ ਬਾਰੇ ਵੀ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਡਾ. ਇਕਬਾਲ ਸਿੰਘ ਸਕਰੌਦੀ ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਬਹੁਤ ਹੀ ਸਹਿਤਕ ਵਿਚਾਰਾਂ ਅਤੇ ਰੋਚਕ ਕਹਾਣੀਆਂ ਸੁਣਾ ਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ | ਸਕੂਲ ਇੰਚਾਰਜ ਮੁਨੀਸ਼ ਵਰਮਾ ਨੇ ਆਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਲੈਕ. ਕੁਲਵਿੰਦਰ ਸਿੰਘ ਮੋਹਲ ਵਲੋਂ ਆਪਣੇ ਸ਼ੇਅਰੋ-ਸ਼ੇਅਰੀ ਅੰਦਾਜ਼ ਨਾਲ ਬਾਖ਼ੂਬੀ ਨਿਭਾਈ | ਸਮਾਗਮ ਦੇ ਅੰਤ ਵਿਚ ਪਿ੍ੰ. ਡਾ. ਇਕਬਾਲ ਸਿੰਘ ਸਕਰੌਦੀ ਅਤੇ ਸ੍ਰੀ ਪ੍ਰਗਟ ਸਿੰਘ ਮਹਿਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਹਾਜ਼ਰ ਸੀ |