ਭੁੱਨਰਹੇੜੀ, 22 ਜਨਵਰੀ (ਧਨਵੰਤ ਸਿੰਘ)-ਲੰਮੇ ਸਮੇਂ ਤੋਂ ਸਿਆਸਤ ਵਿਚ ਹਾਸ਼ੀਏ 'ਤੇ ਨਜ਼ਰ ਆ ਰਹੀ ਸੰਧੂ ਜੋੜੀ ਵਲੋਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਦੇ ਫ਼ੈਸਲੇ ਨੇ ਪਟਿਆਲੇ ਜ਼ਿਲ੍ਹੇ ਦੀ ਰਾਜਨੀਤੀ ਵਿਚ ਨਵੀਂ ਸਰਗਰਮੀ ਤੇ ਚਰਚਾ ਪੈਦਾ ਕਰ ਦਿੱਤੀ | ਪੰਜਾਬ ਰਾਜ ਦੇ ਸਾਬਕਾ ਮੰਤਰੀ ਮਰਹੂਮ ਜਸਦੇਵ ਸਿੰਘ ਸੰਧੂ ਦੇ ਪੁੱਤਰ, ਪੰਜਾਬ ਸਿਲੈੱਕਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਨੂਪਇੰਦਰ ਕੌਰ ਸੰਧੂ ਦੀ ਇਹ ਵਾਪਸੀ ਸਿਆਸੀ ਤੌਰ 'ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸਨੌਰ ਤੋਂ ਦੂਸਰੀ ਵਾਰ ਟਿਕਟ ਨਾ ਮਿਲਣ ਕਾਰਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਬੀਬੀ ਅਨੂਪਇੰਦਰ ਕੌਰ ਨੇ ਸੰਨ 2017 'ਚ ਵਿਧਾਨ ਸਭਾ ਚੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਲਈ ਸੀ | ਇਸ ਤੋਂ ਬਾਅਦ ਹੋਰਨਾਂ ਸਿਆਸੀ ਪਾਰਟੀਆਂ ਨਾਲ ਸੰਪਰਕ ਬਣਾ ਕੇ ਵਿਚਰਦੇ ਰਹੇ ਪਰ ਉੱਥੇ ਉਨ੍ਹਾਂ ਨੂੰ ਉਮੀਦ ਮੁਤਾਬਿਕ ਸਤਿਕਾਰ ਅਤੇ ਸਿਆਸੀ ਤਾਕਤ ਨਾ ਮਿਲਣ ਕਾਰਨ ਸੰਧੂ ਜੋੜੀ ਹੌਲੀ-ਹੌਲੀ ਸਿਆਸਤ ਵਿਚ ਹਾਸ਼ੀਏ 'ਤੇ ਚਲੀ ਗਈ | ਦੂਜੇ ਪਾਸੇ, ਸੰਧੂ ਪਰਿਵਾਰ ਦਾ ਹਲਕਾ ਡਕਾਲਾ ਅਤੇ ਹੁਣ ਸਨੌਰ ਅੰਦਰ ਰਿਹਾ ਮਜ਼ਬੂਤ ਸਿਆਸੀ ਪ੍ਰਭਾਵ ਅਜੇ ਵੀ ਕਾਇਮ ਮੰਨਿਆ ਜਾਂਦਾ ਹੈ, ਜਿਸ ਦੀ ਬੁਨਿਆਦ ਸਵਰਗੀ ਜਸਦੇਵ ਸਿੰਘ ਸੰਧੂ ਦੀ ਲੰਮੀ ਸਿਆਸੀ ਵਿਰਾਸਤ ਰਹੀ ਹੈ | ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ | ਚੰਗੇ ਸਿਆਸੀ ਪ੍ਰਭਾਵ ਕਰਨ ਸ਼੍ਰੋਮਣੀ ਅਕਾਲੀ ਦਲ ਵਲੋਂ ਤੇਜਿੰਦਰਪਾਲ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਸਨੌਰ ਉਮੀਦਵਾਰ ਉਤਾਰਿਆ ਗਿਆ ਪਰ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਤੋਂ ਚੋਣ ਮੈਦਾਨ ਵਿਚੋਂ ਪਛੜ ਗਏ ਪਰ ਅਕਾਲੀ ਸਰਕਾਰ ਬਣਨ ਕਾਰਨ ਬਤੌਰ ਹਲਕਾ ਮੁਖੀ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ | ਤਤਕਾਲੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਦੇਵੀਗੜ੍ਹ ਵਿਚ ਯੂਨੀਵਰਸਿਟੀ ਕਾਲਜ ਦੀ ਸਥਾਪਨਾ ਵਰਗੇ ਕਈ ਵਿਕਾਸਕਾਰੀ ਕੰਮ ਕਰਵਾਏ ਜਿਸ ਦੇ ਫਲਸਰੂਪ ਅੱਜ ਵੀ ਲੋਕਾਂ ਵਿਚ ਯਾਦ ਕੀਤਾ ਜਾਂਦਾ ਹੈ | ਮੌਜੂਦਾ ਹਾਲਤਾਂ ਵਿਚ ਸੰਧੂ ਜੋੜੀ ਦੀ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਨੂੰ ਪਾਰਟੀ ਲਈ ਇਕ ਢੁਕਵਾਂ ਅਤੇ ਸਿਆਸੀ ਤੌਰ 'ਤੇ ਫ਼ਾਇਦੇਮੰਦ ਫ਼ੈਸਲਾ ਮੰਨਿਆ ਜਾ ਰਿਹਾ ਹੈ | ਸਿਆਸੀ ਮਾਹਿਰਾਂ ਦੇ ਅਨੁਸਾਰ, ਆਉਣ ਵਾਲੇ ਸਮੇਂ ਵਿਚ ਇਹ ਵਾਪਸੀ ਪਟਿਆਲੇ ਦੀ ਜ਼ਿਲ੍ਹਾ ਸਿਆਸਤ ਵਿਚ ਨਵੇਂ ਸਮੀਕਰਨ ਪੈਦਾ ਕਰ ਸਕਦੀ ਹੈ, ਜਿਸ ਦੇ ਪ੍ਰਭਾਵ ਆਗਾਮੀ ਚੋਣਾਂ ਦੌਰਾਨ ਸਪਸ਼ਟ ਤੌਰ 'ਤੇ ਵੇਖਣ ਨੂੰ ਮਿਲਣ ਦੀ ਸੰਭਾਵਨਾ ਜਤਾਈ ਹੈ |