ਨਾਭਾ, 22 ਜਨਵਰੀ (ਜਗਨਾਰ ਸਿੰਘ ਦੁਲੱਦੀ)-ਅਕਾਲੀ ਦਲ ਸੁਤੰਤਰ ਵਲੋਂ ਸਥਾਨਕ ਮੋਤੀ ਬਾਗ ਸਥਿਤ ਪਾਰਟੀ ਦੇ ਦਫ਼ਤਰ ਵਿਖੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਵਿਸ਼ੇਸ਼ ਇਕੱਤਰਤਾ ਹੋਈ। ਉਪਰੰਤ ਜਥੇਦਾਰ ਪਰਮਜੀਤ ਸਿੰਘ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਵੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਉੱਥੇ ਹੀ ਅਕਾਲੀ ਦਲ ਸੁਤੰਤਰ ਵਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ ਹਨ ਉਦੋਂ ਤੋਂ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿਚ ਇਨਸਾਫ਼ ਦੇਣ ਦੀ ਬਜਾਏ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਕੇਵਲ ਤੇ ਕੇਵਲ ਰਾਜਨੀਤੀ ਕਰਕੇ ਸੱਤਾ ਦੀ ਪ੍ਰਾਪਤੀ ਕੀਤੀ ਹੈ ਅਤੇ ਸਮੇਂ ਸਮੇਂ ਤੇ ਆਪੋ ਆਪਣੀਆਂ ਸਰਕਾਰਾਂ ਬਣਾਈਆਂ ਹਨ ਦੇ ਬਾਵਜੂਦ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਿਆ ਭਾਵੇਂ ਕਿ ਮੌਜੂਦਾ ਸਰਕਾਰ ਵਲੋਂ ਵੀ ਲੋਕਾਂ ਨਾਲ ਬੇ-ਅਦਬੀ ਮਾਮਲੇ ਵਿਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਪ੍ਰਾਪਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਵਲੋਂ ਸੱਤਾ ਦੇ ਨਸੇ ਵਿਚ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਤਕਰੀਬਨ ਭੁਲਾ ਦਿੱਤੇ ਗਏ ਹਨ, ਉੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜੋ ਕਿ ਬਾਅਦ ਵਿੱਚ ਕੇਵਲ ਤੇ ਕੇਵਲ ਫੋਕੀ ਬਿਆਨਬਾਜ਼ੀ ਹੀ ਸਾਬਤ ਹੋਈ। * ਜਥੇਦਾਰ ਸਹੋਲੀ ਨੇ ਕਿਹਾ ਕਿ ਇੱਕ ਪਾਸੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਦੂਜੇ ਪਾਸੇ ਦੋਸੀ ਸਾਬਤ ਹੋ ਚੁੱਕੇ ਸਿਰਸੇ ਵਾਲੇ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੋ ਕਿ ਸਾਰੇ ਕੇਸਾਂ ਵਿਚੋਂ ਬਰੀ ਹੋਣ ਫਿਰ ਵੀ ਉਨ੍ਹਾਂ ਨੂੰ ਰਿਹਾਅ ਕਰਨਾ ਤਾਂ ਦੂਰ ਦੀ ਗੱਲ ਬਲਕਿ ਉਨ੍ਹਾਂ ਦੇ ਬਿਮਾਰ ਮਾਤਾ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਵਧੀਕੀਆਂ ਸਬੰਧੀ ਗੱਲਬਾਤ ਕਰਨ ਲਈ ਅਸੀਂ ਅਕਾਲੀ ਦਲ ਸੁਤੰਤਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੀਟਿੰਗ ਦੀ ਮੰਗ ਕਰ ਰਹੇ ਹਾਂ ਜੇਕਰ ਮੁੱਖ ਮੰਤਰੀ ਵਲੋਂ ਸਾਨੂੰ ਮਿਲਣ ਦਾ ਸਮਾਂ ਨਾ ਦਿੱਤਾ ਗਿਆ ਤਾਂ ਅਸੀਂ ਰੋਸ ਵਜੋਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਾਂਗੇ। ਇਸ ਮੌਕੇ ਸੁਰਜੀਤ ਸਿੰਘ ਬਾਬਰਪੁਰ, ਅਮਰੀਕ ਸਿੰਘ ਮਟੌਰੜਾ, ਗੁਰਜੀਤ ਸਿੰਘ ਬਿਨ੍ਹਾਂਹੇੜੀ, ਹੈਪੀ ਸੁਖੇਵਾਲ, ਬਿੰਦਾ ਵਿਰਕ ਆਦਿ ਪਾਰਟੀ ਵਰਕਰ ਮੌਜੂਦ ਸਨ।
ਅਕਾਲੀ ਦਲ ਸੁਤੰਤਰ ਵਲੋਂ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿਖਾਏ ਜਾਣਗੇ ਕਾਲੇ ਝੰਡੇ
ਅਜੀਤ ਡੈਸਕ
23-01-2026