ਰੂਪਨਗਰ, 26 ਮਾਰਚ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਚ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ''21ਵੀਂ ਸਦੀ ਵਿਚ ਸਾਹਿਤ ਦੀ ਭੂਮਿਕਾ ਅਤੇ ਕਲਚਰਲ ਸਟਡੀਜ਼'' ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਅੰਗਰੇਜ਼ੀ ਲਿਟਰੇਰੀ ਸੋਸਾਇਟੀ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸੈਮੀਨਾਰ ਦੇ ਮੁੱਖ ਵਕਤਾ ਡਾ. ਰਾਜੇਸ਼ ਕੁਮਾਰ ਜੈਸਵਾਲ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਸਨ, ਜਦਕਿ ਮਹਿਮਾਨ ਵਜੋਂ ਡਾ. ਰਾਹੁਲ ਜੈਨ ਅਤੇ ਦਿਪਤਾਂਸ਼ ਰਾਵਤ ਨੇ ਵੀ ਸ਼ਿਰਕਤ ਕੀਤੀ | ਕਾਲਜ ਦੀ ਵਾਈਸ ਪਿ੍ੰਸੀਪਲ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਾਹਿਤ ਦੀ ਮਹੱਤਤਾ ਸਮਝਣ ਦੀ ਅਪੀਲ ਕੀਤੀ | ਪ੍ਰੋ. ਨੇਹਾ ਸੇਤੀਆ ਅਤੇ ਪ੍ਰੋ. ਸ਼ੁਭਪ੍ਰੀਤ ਸੰਧੂ ਵਲੋਂ ਮੰਚ ਸੰਚਾਲਨ ਕੀਤਾ ਗਿਆ | ਆਪਣੇ ਸੰਬੋਧਨ ਵਿਚ ਡਾ. ਜੈਸਵਾਲ ਨੇ ਕਿਹਾ ਕਿ ਸਾਹਿਤ ਅਤੇ ਕਲਾਵਾਂ ਮਨੁੱਖ ਦੇ ਅੰਦਰੂਨੀ ਜਗਤ ਦਾ ਦਰਪਣ ਹਨ | ਉਨ੍ਹਾਂ ਦੱਸਿਆ ਕਿ ਆਧੁਨਿਕ ਪਦਾਰਥਵਾਦੀ ਯੁਗ ਵਿਚ ਮਨੁੱਖ ਬਾਹਰੀ ਸੁਖਾਂ ਦੇ ਬਾਵਜੂਦ ਅੰਦਰੋਂ ਖਾਲੀ ਮਹਿਸੂਸ ਕਰਦਾ ਹੈ ਅਤੇ ਸਾਹਿਤ ਹੀ ਉਸਨੂੰ ਸੰਵੇਦਨਸ਼ੀਲ ਬਣਾਉਂਦਾ ਹੈ | ਅੰਤ ਵਿਚ ਪ੍ਰੋ. ਨਤਾਸ਼ਾ ਕਾਲੜਾ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ | ਇਸ ਮੌਕੇ ਪ੍ਰੋ. ਹਰੀਸ਼ ਕੁਮਾਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਨਵਜੋਤ ਕੌਰ ਅਤੇ ਇੰਗਲਿਸ਼ ਲਿਟਰੇਰੀ ਸੋਸਾਇਟੀ ਦੇ ਮੈਂਬਰਾਂ ਨੇ ਸੈਮੀਨਾਰ ਦੀ ਸਫਲਤਾ ਵਿਚ ਯੋਗਦਾਨ ਪਾਇਆ | ਸਮਾਗਮ ਵਿਚ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |