ਨਯਾਗਾਂਵ, 7 ਮਈ (ਅ.ਬ.) - ਨਯਾਗਾਂਵ ਮਿੳਾੂਸੀਪਲ ਕਮੇਟੀ ਅਧੀਨ ਆਉਂਦੇ ਕਾਂਸਲ ਖੇਤਰ ਦੇ ਵਸਨੀਕਾਂ ਦੇ ਸੱਦੇ 'ਤੇ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਸਥਾਨਕ ਕੌਂਸਲਰ ਕਰਮਜੀਤ ਸਿੰਘ ਸੰਜੂ ਦੇ ਨਾਲ ਇਲਾਕੇ ਦਾ ਦੌਰਾ ਕਰ ਕੇ ਚੱਲ ਰਹੇ ਸੀਵਰੇਜ ਦੇ ਕੰਮ ਤੇ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ | ਦੌਰੇ ਦੌਰਾਨ ਸਥਾਨਕ ਵਸਨੀਕਾਂ, ਦੁਕਾਨਦਾਰਾਂ ਤੇ ਰਾਹਗੀਰਾਂ ਨੇ ਟੁੱਟੀਆਂ ਸੜਕਾਂ, ਟਰੈਫ਼ਿਕ ਜਾਮ, ਪਾਣੀ ਖੜਨ ਤੇ ਅਧੂਰੇ ਮੁਰੰਮਤ ਕੰਮਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ | ਲੋਕਾਂ ਨੇ ਦੱਸਿਆ ਕਿ ਸੀਵਰੇਜ ਪਾਈਪਾਂ ਪਾਉਣ ਤੋਂ ਬਾਅਦ ਸੜਕਾਂ ਤੇ ਟਾਈਲਾਂ ਦੀ ਮੁਰੰਮਤ ਨਹੀਂ ਕੀਤੀ ਗਈ ਜਿਸ ਕਾਰਨ ਹਰ ਰੋਜ਼ ਹਾਦਸੇ ਹੋ ਰਹੇ ਹਨ ਤੇ ਸਕੂਲੀ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਿਨੀਤ ਜੋਸ਼ੀ ਨੇ ਕਿਹਾ ਕਿ ਕਾਂਸਲ ਦੀਆਂ ਸੜਕਾਂ ਦੀ ਹਾਲਤ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਦੀ ਨਾਕਾਮੀ ਤੇ ਲਾਪਰਵਾਹੀ ਨੂੰ ਬੇਨਕਾਬ ਕਰਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਵਿਕਾਸ ਕਾਰਜਾਂ ਲਈ ਫ਼ੰਡ ਉਪਲਬਧ ਹੋਣ ਦੇ ਬਾਵਜੂਦ ਕੰਮ ਬਹੁਤ ਹੀ ਮਾੜੇ ਢੰਗ ਨਾਲ ਕੀਤਾ ਗਿਆ ਹੈ | ਸਥਾਨਕ ਕੌਂਸਲਰ ਕਰਮਜੀਤ ਸਿੰਘ ਸੰਜੂ ਨੇ ਕਿਹਾ ਕਿ ਇਲਾਕੇ ਦੇ ਲੋਕ ਅਧੂਰੇ ਪਏ ਕੰਮਾਂ ਤੇ ਲਗਾਤਾਰ ਲੱਗਦੇ ਟਰੈਫ਼ਿਕ ਜਾਮ ਤੋਂ ਬਹੁਤ ਦੁਖੀ ਹਨ | ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਟਾਈਲਾਂ ਮੁੜ ਲਗਾਈਆਂ ਜਾਣ ਤੇ ਘਟੀਆ ਕੰਮ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |