ਪੰਚਕੂਲਾ, 7 ਮਈ (ਕਪਿਲ)-ਪੰਚਕੂਲਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੇ ਮੇਅਰ ਅਤੇ ਕੌਂਸਲਰ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਜਨਤਾ ਵਿਚ ਪਹੁੰਚੇ ਮਸ਼ਹੂਰ ਗਾਇਕ ਅਤੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਵੋਟਾਂ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨੇ ਪੱਛਮੀ ਬੰਗਾਲ 'ਚ ਭਾਜਪਾ ਨੇਤਾ ਦੇ ਪੀ. ਏ. ਦੀ ਹੱਤਿਆ ਅਤੇ ਪੰਜਾਬ 'ਚ ਬੰਬ ਧਮਾਕੇ ਦੇ ਮਾਮਲੇ 'ਤੇ ਵੀ ਪ੍ਰਤੀਕਿਰਿਆ ਦਿੱਤੀ | ਇਸ ਦੌਰਾਨ ਉਨ੍ਹਾਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ, ਅੰਬਾਲਾ ਅਤੇ ਸੋਨੀਪਤ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪਾਰਟੀ ਜਨਤਾ ਤੋਂ ਵੋਟਾਂ ਦੀ ਅਪੀਲ ਕਰ ਰਹੀ ਹੈ ਅਤੇ ਜੋ ਵੀ ਵਾਅਦੇ ਕੀਤੇ ਜਾਣਗੇ, ਉਹ ਪੂਰੇ ਕੀਤੇ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਸਿਰਫ਼ ਚੋਣ ਨਹੀਂ ਜਿੱਤੀ, ਸਗੋਂ ਪੱਛਮੀ ਬੰਗਾਲ ਨੂੰ ਬਚਾਇਆ ਹੈ | ਉਨ੍ਹਾਂ ਕਿਹਾ ਕਿ ਜੇ ਇਸ ਵਾਰ ਲੋਕ ਜਾਗਰੂਕ ਨਾ ਹੁੰਦੇ ਅਤੇ ਨਰਿੰਦਰ ਮੋਦੀ 'ਤੇ ਵਿਸ਼ਵਾਸ ਨਾ ਕਰਦੇ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ | ਉਨ੍ਹਾਂ ਪੱਛਮੀ ਬੰਗਾਲ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਥੇ ਦੀ ਸਰਕਾਰ ਦੀ ਕਾਰਗੁਜ਼ਾਰੀ ਅੱਤਵਾਦੀਆਂ ਵਰਗੀ ਹੋ ਚੁੱਕੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇਤਾ ਦੇ ਪੀ. ਏ. ਦੀ ਹੱਤਿਆ ਕਿਸੇ ਆਮ ਹਥਿਆਰ ਨਾਲ ਨਹੀਂ, ਸਗੋਂ ਅੱਤਵਾਦੀਆਂ ਵਲੋਂ ਵਰਤੇ ਜਾਣ ਵਾਲੇ ਹਥਿਆਰ ਨਾਲ ਕੀਤੀ ਗਈ ਹੈ | ਇਸ ਤੋਂ ਇਲਾਵਾ ਪੰਜਾਬ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸਨੂੰ ਭਾਜਪਾ ਦੀ ਸਾਜ਼ਿਸ਼ ਦੱਸਣ ਸੰਬੰਧੀ ਪੁੱਛੇ ਸਵਾਲ 'ਤੇ ਮਨੋਜ ਤਿਵਾਰੀ ਨੇ ਕਿਹਾ ਕਿ ਇਸ ਤੋਂ ਵੱਧ ਗੈਰ-ਜ਼ਿੰਮੇਵਾਰ ਬਿਆਨ ਹੋਰ ਕੋਈ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਬੰਬ ਧਮਾਕੇ ਕਰਨ ਵਾਲੇ ਅਪਰਾਧੀਆਂ ਨੂੰ ਹੌਸਲਾ ਦੇਣ ਵਾਲੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੀ ਹੈ ਅਤੇ ਜਲਦ ਹੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣੇਗੀ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਣ ਦੀ ਸਮਰੱਥਾ ਸਿਰਫ਼ ਭਾਜਪਾ ਕੋਲ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਕਈ ਵਾਰ ਪੂਰਵਾਂਚਲ ਦੇ ਲੋਕਾਂ ਦੀ ਬੇਇਜ਼ਤੀ ਕੀਤੀ, ਜਦਕਿ ਭਾਜਪਾ ਯੂ. ਪੀ., ਬਿਹਾਰ ਅਤੇ ਪੂਰਵਾਂਚਲ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ | ਇਸ ਮੌਕੇ ਰਾਜ ਸਭਾ ਸੰਸਦ ਮੈਂਬਰ ਕਾਰਤਿਕੇਯ ਸ਼ਰਮਾ, ਕਾਲਕਾ ਵਿਧਾਨ ਸਭਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਪੂਰਵ ਮੇਅਰ ਕੁਲਭੂਸ਼ਣ ਗੋਇਲ ਅਤੇ ਮੇਅਰ ਪਦ ਦੇ ਉਮੀਦਵਾਰ ਸ਼ਿਆਮ ਲਾਲ ਬੰਸਲ ਵੀ ਹਾਜ਼ਰ ਸਨ |