ਪੰਚਕੂਲਾ, 7 ਮਈ (ਕਪਿਲ)-ਜ਼ਿਲ੍ਹਾ ਪੰਚਕੂਲਾ ਅੰਦਰ ਮਹਿਲਾਵਾਂ ਅਤੇ ਬੱਚੀਆਂ ਖ਼ਿਲਾਫ਼ ਹੋ ਰਹੇ ਅਪਰਾਧਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਨੇ ਅੱਜ ਇਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ | ਪੰਚਕੂਲਾ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਦੇ ਵਧੀਕ ਸੈਸ਼ਨ ਜੱਜ ਮਨੀਸ਼ ਦੁਆ ਦੀ ਅਦਾਲਤ ਨੇ ਸਾਲ 2022 ਦੇ ਇਕ ਪੋਕਸੋ ਐਕਟ ਤਹਿਤ ਦਰਜ ਮਾਮਲੇ ਦੀ ਸੁਣਵਾਈ ਕਰਦਿਆਂ 57 ਸਾਲਾ ਦੋਸ਼ੀ ਨੂੰ 5 ਸਾਲ ਦੀ ਸਖ਼ਤ ਕੈਦ ਤੇ 10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਦੀ ਸਜ਼ਾ ਦੀ ਮਿਆਦ ਨਿਯਮਾਂ ਅਨੁਸਾਰ ਵਧਾਈ ਜਾਵੇਗੀ | ਵਧੀਕ ਸੈਸ਼ਨ ਜੱਜ ਨੇ ਮਾਮਲੇ ਦੀ ਗੰਭੀਰਤਾ ਅਤੇ ਸਬੂਤਾਂ ਨੂੰ ਦੇਖਦੇ ਹੋਏ ਦੋਸ਼ੀ ਨੂੰ ਪੋਕਸੋ ਐਕਟ ਦੀ ਧਾਰਾ 10 ਤਹਿਤ ਗੰਭੀਰ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਹੈ | ਡੀ. ਸੀ. ਪੀ. ਪੰਚਕੂਲਾ ਸਿ੍ਸ਼ਟੀ ਗੁਪਤਾ ਦੇ ਅਨੁਸਾਰ ਇਹ ਘਟਨਾ ਸਾਲ 2022 ਦੀ ਹੈ | ਪੰਚਕੂਲਾ ਦੀ ਰਹਿਣ ਵਾਲੀ ਇਕ ਮਹਿਲਾ ਨੇ ਸੈਕਟਰ-2 ਪੁਲਿਸ ਚੌਕੀ ਵਿਖੇ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਨ੍ਹਾਂ ਦੀ 5 ਸਾਲਾ ਮਾਸੂਮ ਧੀ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਇਕ 57 ਸਾਲਾ ਵਿਅਕਤੀ ਉਸ ਨੂੰ ਖਾਣ ਵਾਲੀ ਚੀਜ਼ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਬੱਚੀ ਡਰ ਕੇ ਰੋਣ ਲੱਗੀ ਤਾਂ ਉਸ ਨੂੰ ਚੁੱਪ ਕਰਵਾਉਣ ਲਈ ਥੱਪੜ ਵੀ ਮਾਰੇ | ਡੀ. ਸੀ. ਪੀ. ਨੇ ਕਿਹਾ ਕਿ ਇਸ ਸ਼ਿਕਾਇਤ 'ਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਸਬ-ਇੰਸਪੈਕਟਰ ਸੁਨੀਤਾ ਦੀ ਅਗਵਾਈ 'ਚ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਨੂੰ ਜੇਲ੍ਹ 'ਚ ਡੱਕ ਦਿੱਤਾ |