22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਸਵੱਛ ਚੰਡੀਗੜ੍ਹ' ਦੇ ਦਾਅਵਿਆਂ ਪਿੱਛੇ ਵੱਡਾ ਘੁਟਾਲਾ? ਸੈਕਟਰ 47 ਤੇ 50 ਦੇ ਰਿਹਾਇਸ਼ੀ ਇਲਾਕਿਆਂ ਨੇੜੇ ਡੂੰਘੇ ਖੱਡਿਆਂ 'ਚ ਕੂੜਾ ਦੱਬਣ ਦੇ ਦੋਸ਼ਾਂ 'ਤੇ ਭੜਕੇ 'ਆਪ' ਆਗੂ

ਅਜੀਤ ਡੈਸਕ 08-05-2026
ਚੰਡੀਗੜ੍ਹ, 7 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਵਿਚ 'ਸਵੱਛ ਚੰਡੀਗੜ੍ਹ' ਦੇ ਦਾਅਵਿਆਂ ਵਿਚਕਾਰ ਡੰਪਿੰਗ ਗਰਾਉਂਡ ਦਾ ਕੂੜਾ ਰਿਹਾਇਸ਼ੀ ਇਲਾਕਿਆਂ ਨੇੜੇ ਜ਼ਮੀਨ ਹੇਠਾਂ ਦੱਬੇ ਜਾਣ ਦੇ ਦੋਸ਼ਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਸੈਕਟਰ-47 ਅਤੇ ਸੈਕਟਰ-50 ਵਿਚ ਰਾਤ ਦੇ ਸਮੇਂ ਡੂੰਘੇ ਖੱਡਿਆਂ ਵਿਚ ਕੂੜਾ ਦੱਬੇ ਜਾਣ ਦੇ ਦੋਸ਼ ਲਗਾਉਂਦਿਆਂ ਇਸ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਅਤੇ ਵਾਤਾਵਰਨ ਨਾਲ ਖਿਲਵਾੜ ਕਰਾਰ ਦਿੱਤਾ ਹੈ | ਕੌਂਸਲਰ ਜਸਬੀਰ ਸਿੰਘ ਲਾਡੀ ਅਤੇ ਪਾਰਟੀ ਆਗੂ ਸ਼ਾਦਾਬ ਰਾਠੀ ਨੇ ਦੱਸਿਆ ਕਿ ਕਾਰਕੁਨਾਂ ਨੂੰ ਮਿਲੀ ਜਾਣਕਾਰੀ ਦੇ ਆਧਾਰ 'ਤੇ ਸੈਕਟਰ 47 ਲਾਈਟ ਪੁਆਇੰਟ ਨੇੜੇ ਜੰਗਲਾਤ ਖੇਤਰ ਨੂੰ ਕੱਟ ਕੇ ਕਰੀਬ 20 ਤੋਂ 25 ਫੁੱਟ ਡੂੰਘੇ ਟੋਏ ਪੱਟੇ ਗਏ ਹਨ, ਜਿੱਥੇ ਡੰਪਿੰਗ ਗਰਾਊਾਡ ਦਾ ਕੂੜਾ ਦੱਬਿਆ ਜਾ ਰਿਹਾ ਹੈ | ਇਸੇ ਤਰ੍ਹਾਂ ਸੈਕਟਰ 50 ਡਿਸਪੈਂਸਰੀ ਸਾਹਮਣੇ ਵੀ ਰਾਤ ਕਰੀਬ 2 ਵਜੇ ਤੋਂ ਬਾਅਦ ਕੂੜਾ ਜ਼ਮੀਨ ਹੇਠਾਂ ਦੱਬਣ ਦੀ ਕਾਰਵਾਈ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਅਤੇ ਡੰਪਿੰਗ ਗਰਾਊਾਡ ਦੇ ਕੂੜੇ ਦੇ ਪਹਾੜ ਨੂੰ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਉਹੀ ਕੂੜਾ ਰਿਹਾਇਸ਼ੀ ਇਲਾਕਿਆਂ ਅਤੇ ਸ਼ਹਿਰ ਦੇ ਵਿਚਕਾਰ ਜ਼ਮੀਨ ਹੇਠਾਂ ਦੱਬ ਕੇ ਲੋਕਾਂ ਦੀ ਸਿਹਤ ਨਾਲ ਖੇਡਿਆ ਜਾ ਰਿਹਾ ਹੈ | ਜੇਕਰ ਇਹ ਦੋਸ਼ ਸਹੀ ਹਨ ਤਾਂ ਇਹ ਸਿਰਫ਼ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ, ਸਗੋਂ ਚੰਡੀਗੜ੍ਹ ਦੀ ਜਨਤਾ ਨਾਲ ਵੱਡਾ ਧੋਖਾ ਹੈ | ਪਾਰਟੀ ਨੇ ਇਸ ਮਾਮਲੇ ਦੀ ਤੁਰੰਤ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨਾਲ ਹੀ ਰਾਤ ਦੇ ਸਮੇਂ ਕੂੜਾ ਦੱਬਣ ਦੀਆਂ ਕਥਿਤ ਗਤੀਵਿਧੀਆਂ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਿਜੈ ਪਾਲ, ਸਾਬਕਾ ਮੇਅਰ ਕੁਲਦੀਪ ਟੀਟਾ, ਸੰਨੀ ਔਲਖ, ਕੌਂਸਲਰ ਜਸਬੀਰ ਸਿੰਘ ਲਾਡੀ, ਸ਼ਾਦਾਬ ਰਾਠੀ, ਲਲਿਤ ਮੋਹਨ, ਡਿੰਪਲ ਕੁਮਾਰੀ ਸਮੇਤ ਹੋਰ ਕਾਰਕੁਨ ਮੌਜੂਦ ਸਨ |
ਪਿਛਲੀ ਖ਼ਬਰ 5 ਸਾਲਾ ਬੱਚੀ ਨਾਲ ਛੇੜਛਾੜ ਕਰਨ ਵਾਲੇ 57 ਸਾਲਾ ਦੋਸ਼ੀ ਨੂੰ 5 ਸਾਲ ਦੀ ਸਖ਼ਤ ਕੈਦ ਤੇ 10 ਹਜ਼ਾਰ ਜੁਰਮਾਨਾ ਅਗਲੀ ਖ਼ਬਰ ਫੇਵੀਕੋਲ ਨੇ ਟੈਲੀਵਿਜ਼ਨ ਇਸ਼ਤਿਹਾਰ 'ਕੁਰਸੀ ਪੇ ਨਜ਼ਰ' ਕੀਤਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।