ਚੰਡੀਗੜ੍ਹ, 7 ਮਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਦੀਆਂ 40 ਨਵੀਆਂ ਦੂਜੇ ਸੂਬਿਆਂ ਨੂੰ ਚੱਲਣ ਵਾਲੀਆਂ ਬੱਸਾਂ ਅੱਜ ਅਧਿਕਾਰਕ ਤੌਰ 'ਤੇ ਬੇੜੇ 'ਚ ਸ਼ਾਮਲ ਹੋ ਗਈਆਂ | ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਕਿਹਾ ਕਿ ਬਿਹਤਰ ਜਨਤਕ ਆਵਾਜਾਈ ਸ਼ਹਿਰੀ ਤੇ ਖੇਤਰੀ ਵਿਕਾਸ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਸੀ.ਟੀ.ਯੂ. ਨੂੰ ਪੰਜਾਬ ਅਤੇ ਹਰਿਆਣਾ ਦੇ ਵੱਧ ਤੋਂ ਵੱਧ ਜ਼ਿਲ੍ਹਾ ਹੈੱਡਕੁਆਰਟਰਾਂ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਚੰਡੀਗੜ੍ਹ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ | ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ | ਇਨ੍ਹਾਂ ਤੋਂ ਇਲਾਵਾ ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ, ਵਿੱਤ-ਕਮ-ਟਰਾਂਸਪੋਰਟ ਸਕੱਤਰ ਦੀਪਰਵਾ ਲਾਕੜਾ ਤੇ ਡਾਇਰੈਕਟਰ ਟਰਾਂਸਪੋਰਟ-ਕਮ-ਡਵੀਜ਼ਨਲ ਮੈਨੇਜਰ ਸੀ.ਟੀ.ਯੂ. ਅਵਿਕੇਸ਼ ਗੁਪਤਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਾਜੀਵ ਤਿਵਾੜੀ ਵੀ ਸਮਾਗਮ ਵਿਚ ਮੌਜੂਦ ਰਹੇ | ਪ੍ਰਸ਼ਾਸਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਟਰਾਂਸਪੋਰਟ ਪ੍ਰਣਾਲੀ ਦੀ ਸ਼ੁਰੂਆਤ ਸਿਰਫ਼ 30 ਬੱਸਾਂ ਨਾਲ ਹੋਈ ਸੀ ਪਰ ਪਿਛਲੇ 60 ਸਾਲਾਂ ਵਿਚ ਸੀ.ਟੀ.ਯੂ ਨੇ ਇਕ ਭਰੋਸੇਯੋਗ ਅਤੇ ਮਜ਼ਬੂਤ ਜਨਤਕ ਆਵਾਜਾਈ ਸੇਵਾ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਉਨ੍ਹਾਂ ਕਿਹਾ ਕਿ ਨਵੀਆਂ 40 ਬੱਸਾਂ ਸ਼ਾਮਲ ਹੋਣ ਨਾਲ ਸੀ.ਟੀ.ਯੂ. ਦੇ ਕੁੱਲ ਬੇੜੇ ਦੀ ਗਿਣਤੀ 657 ਹੋ ਗਈ ਹੈ, ਇਨ੍ਹਾਂ ਵਿਚੋਂ 398 ਬੱਸਾਂ ਲੋਕਲ ਰੂਟਾਂ 'ਤੇ ਅਤੇ 259 ਬੱਸਾਂ ਲੰਬੇ ਰੂਟਾਂ 'ਤੇ ਚੱਲ ਰਹੀਆਂ ਹਨ, ਜੋ ਚੰਡੀਗੜ੍ਹ ਨੂੰ ਗੁਆਂਢੀ ਸੂਬਿਆਂ ਨਾਲ ਜੋੜਦੀਆਂ ਹਨ | ਨਵੀਆਂ ਬੱਸਾਂ ਨਾਲ ਮੁਸਾਫ਼ਰਾਂ ਲਈ ਸੇਵਾਵਾਂ ਦੀ ਆਵਾਜਾਈ ਵਿਚ ਸੁਧਾਰ ਹੋਵੇਗਾ, ਉਡੀਕ ਸਮਾਂ ਘਟੇਗਾ ਤੇ ਸਫ਼ਰ ਹੋਰ ਆਰਾਮਦਾਇਕ ਬਣੇਗਾ | ਕਟਾਰੀਆ ਨੇ ਕਿਹਾ ਕਿ ਪ੍ਰਭਾਵਸ਼ਾਲੀ ਜਨਤਕ ਆਵਾਜਾਈ ਪ੍ਰਣਾਲੀ ਆਰਥਿਕ ਵਿਕਾਸ, ਰੋਜ਼ਗਾਰ, ਵਪਾਰ ਅਤੇ ਸਮਾਜਿਕ ਹਿੱਸੇਦਾਰੀ ਲਈ ਬਹੁਤ ਅਹਿਮ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸੀ.ਟੀ.ਯੂ ਸੇਵਾਵਾਂ ਦਾ ਵਿਸਥਾਰ ਸ਼ਹਿਰੀ ਅਤੇ ਪਿੰਡ ਖੇਤਰਾਂ 'ਚ ਆਪਸੀ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ | ਪ੍ਰਸ਼ਾਸਨ ਦੀ ਵਾਤਾਵਰਨ ਪ੍ਰਤੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਇਸ ਵੇਲੇ ਸੀ.ਟੀ.ਯੂ ਦੇ ਬੇੜੇ ਵਿਚ 140 ਇਲੈਕਟਿ੍ਕ ਬੱਸਾਂ ਚੱਲ ਰਹੀਆਂ ਹਨ | ਡੀਪੂ-4 ਵਿਚੋਂ 100 ਡੀਜ਼ਲ ਬੱਸਾਂ ਨੂੰ ਹਟਾਏ ਜਾਣ ਤੋਂ ਬਾਅਦ ਲੋਕਲ ਸੇਵਾਵਾਂ ਨੂੰ ਪ੍ਰਭਾਵਿਤ ਨਾ ਹੋਣ ਦੇ ਲਈ ਡੀਪੂ-1 ਦੀਆਂ ਬੱਸਾਂ ਨੂੰ ਅਸਥਾਈ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ | ਡੀਪੂ-4 ਲਈ ਮਨਜ਼ੂਰ ਕੀਤੀਆਂ 100 ਇਲੈਕਟਿ੍ਕ ਬੱਸਾਂ ਵਿਚੋਂ 60 ਬੱਸਾਂ ਪਹਿਲਾਂ ਹੀ ਸੇਵਾ 'ਚ ਸ਼ਾਮਲ ਹੋ ਚੁੱਕੀਆਂ ਹਨ, ਜਦਕਿ ਬਾਕੀ 40 ਬੱਸਾਂ ਜੂਨ 2026 ਤੱਕ ਸ਼ਾਮਲ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਹੇਠ 328 ਹੋਰ ਇਲੈਕਟਿ੍ਕ ਬੱਸਾਂ ਨੂੰ ਵੀ ਮਨਜ਼ੂਰੀ ਮਿਲੀ ਹੈ | ਇਨ੍ਹਾਂ ਦੀ ਸਪਲਾਈ ਅਕਤੂਬਰ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ | ਪ੍ਰਸ਼ਾਸਨ ਦਾ ਟੀਚਾ 2027-28 ਤੱਕ ਸ਼ਹਿਰ ਦੀਆਂ ਸਾਰੀਆਂ ਡੀਜ਼ਲ ਬੱਸਾਂ ਨੂੰ ਇਲੈਕਟਿ੍ਕ ਬੱਸਾਂ ਨਾਲ ਤਬਦੀਲ ਕਰਨਾ ਹੈ | ਮੁਸਾਫ਼ਰਾਂ ਦੀ ਸੁਰੱਖਿਆ ਤੇ ਸੇਵਾਵਾਂ ਦੀ ਭਰੋਸੇਯੋਗਤਾ ਵਧਾਉਣ ਲਈ ਸੀ.ਟੀ.ਯੂ ਵੱਲੋਂ ਲੰਬੇ ਰੂਟਾਂ 'ਤੇ ਇੰਟੈਲੀਜੈਂਸ ਟਰਾਂਸਪੋਰਟ ਸਿਸਟਮ (ਆਈ.ਟੀ.ਐਸ.) ਵੀ ਲਾਗੂ ਕੀਤਾ ਜਾਵੇਗਾ, ਜਿਸ ਨੂੰ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ | ਪ੍ਰਸ਼ਾਸਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਨਤਕ ਆਵਾਜਾਈ ਦੀ ਵਰਤੋਂ ਕਰਨ ਤਾਂ ਜੋ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘਟੇ ਅਤੇ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇ | ਉਨ੍ਹਾਂ ਲੋਕਾਂ ਨੂੰ ਹਫ਼ਤੇ 'ਚ ਘੱਟੋ-ਘੱਟ ਇਕ ਦਿਨ ਨਿੱਜੀ ਵਾਹਨਾਂ ਦੀ ਥਾਂ ਜਨਤਕ ਆਵਾਜਾਈ ਵਰਤਣ ਦਾ ਸੰਕਲਪ ਲੈਣ ਲਈ ਵੀ ਪ੍ਰੇਰਿਤ ਕੀਤਾ | ਸਮਾਗਮ ਦੇ ਆਖ਼ਰ ਵਿਚ ਪ੍ਰਸ਼ਾਸਕ ਨੇ ਸੀ.ਟੀ.ਯੂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਸਬੰਧਿਤ ਧਿਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਲੋਕਾਂ ਵੱਲੋਂ ਜਨਤਕ ਆਵਾਜਾਈ ਸੇਵਾਵਾਂ 'ਤੇ ਜਤਾਏ ਜਾ ਰਹੇ ਭਰੋਸੇ ਲਈ ਧੰਨਵਾਦ ਪ੍ਰਗਟਾਇਆ |