ਚੰਡੀਗੜ੍ਹ, 7 ਮਈ (ਕਪਿਲ ਵਧਵਾ) - ਚੰਡੀਗੜ੍ਹ ਪੁਲਿਸ ਦੇ ਥਾਣਾ ਸਾਰੰਗਪੁਰ ਦੀ ਪੁਲਿਸ ਨੇ ਨਸ਼ਾ ਤਸਕਰੀ ਤੇ ਨਾਜਾਇਜ਼ ਸ਼ਰਾਬ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 53.08 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਮਾਮਲੇ ਵਿਚ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਅਸ਼ੋਕ ਕੁਮਾਰ, ਐੱਸ. ਐੱਚ. ਓ. ਥਾਣਾ ਸਾਰੰਗਪੁਰ ਦੀ ਨਿਗਰਾਨੀ ਹੇਠ ਦੋ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ | ਇਸ ਦੌਰਾਨ ਪੁਲਿਸ ਟੀਮ ਨੇ ਰਣਜੀਤ ਉਰਫ ਕਰਮਾ ਤੇ ਸੂਰਜ ਉਰਫ ਭੂਤ ਵਾਸੀਆਨ ਸਮਾਲ ਫਲੈਟਸ ਧਨਾਸ, ਚੰਡੀਗੜ੍ਹ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 53.08 ਗ੍ਰਾਮ ਹੈਰੋਇਨ ਬਰਾਮਦ ਕੀਤੀ | ਪੁਲਿਸ ਨੇ ਇਸ ਸਬੰਧੀ ਥਾਣਾ ਸਾਰੰਗਪੁਰ ਵਿਚ ਮਾਮਲਾ ਦਰਜ ਕੀਤਾ ਹੈ | ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਮੁਲਜ਼ਮ ਲੁਧਿਆਣਾ ਤੇ ਅੰਮਿ੍ਤਸਰ ਇਲਾਕਿਆਂ ਤੋਂ ਸਸਤੇ ਭਾਅ 'ਤੇ ਹੈਰੋਇਨ ਖ਼ਰੀਦ ਕੇ ਚੰਡੀਗੜ੍ਹ ਅਤੇ ਮੁਹਾਲੀ ਦੇ ਕਾਲੋਨੀਆਂ ਤੇ ਵਿਦਿਆਰਥੀਆਂ ਵਿਚ ਮਹਿੰਗੇ ਰੇਟਾਂ 'ਤੇ ਵੇਚਦੇ ਸਨ | ਪੁਲਿਸ ਵਲੋਂ 6 ਮਈ ਨੂੰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਰਣਜੀਤ ਉਰਫ ਕਰਮਾ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਜਦਕਿ ਸੂਰਜ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈੈ |