22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਲਾਂਡਰਾਂ - ਲਖਨੌਰ ਰੋਡ ’ ਤੇ ਕਾਰ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਫਾਰਮਾਸਿਸਟ ਦੀ ਜ਼ੇਰੇ ਇਲਾਜ ਮੌਤ ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

ਅਜੀਤ ਡੈਸਕ 23-10-2026
ਐੱਸ. ਏ. ਐੱਸ. ਨਗਰ, 22 ਅਕਤੂਬਰ (ਕਪਿਲ ਵਧਵਾ)- ਲਾਂਡਰਾਂ-ਲਖਨੌਰ ਰੋਡ ’ਤੇ ਬਾਲਾ ਜੀ ਮਾਰਬਲ ਸ਼ਾਪ ਨੇੜੇ ਇਕ ਕਾਰ ਦੀ ਟੱਕਰ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਪੰਜ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਨ ਕੁਮਾਰ ਵਜੋਂ ਹੋਈ ਹੈ, ਜੋ ਕਿ ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐੱਸ.ਡੀ.ਐੱਚ.) ਵਿਚ ਫਾਰਮਾਸਿਸਟ ਵਜੋਂ ਨੌਕਰੀ ਕਰਦਾ ਸੀ। ਇਸ ਸੰਬੰਧ ‘ਚ ਥਾਣਾ ਸੋਹਾਣਾ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਰਮਨ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮਨ ਕੁਮਾਰ ਨੇ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਉਸ ਦਾ ਭਰਾ ਰੋਹਨ ਕੁਮਾਰ ਖਰੜ ਵਿਖੇ ਡਿਊਟੀ ‘ਤੇ ਗਿਆ ਸੀ। ਡਿਊਟੀ ਖ਼ਤਮ ਹੋਣ ਮਗਰੋਂ ਉਹ ਦੋਵੇਂ ਆਪੋ-ਆਪਣੇ ਵਾਹਨਾਂ ‘ਤੇ ਸਵਾਰ ਹੋ ਕੇ ਪਿੰਡ ਸੇਖਨਮਾਜਰਾ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਉਸ ਸਮੇਂ ਰੋਹਨ ਕੁਮਾਰ ਮੋਟਰਸਾਈਕਲ ‘ਤੇ ਉਸ ਤੋਂ ਅੱਗੇ ਜਾ ਰਿਹਾ ਸੀ। ਇਸੇ ਦੌਰਾਨ ਦੁਪਹਿਰ ਦੇ ਕਰੀਬ 2.30 ਵਜੇ ਜਦੋਂ ਉਹ ਲਾਂਡਰਾਂ-ਲਖਨੌਰ ਰੋਡ ‘ਤੇ ਬਾਲਾ ਜੀ ਮਾਰਬਲ ਸ਼ਾਪ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਕਿਆ ਕੰਪਨੀ ਦੀ ਕਾਰ ਦੇ ਚਾਲਕ ਨੇ ਰੋਹਨ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਰੋਹਨ ਕੁਮਾਰ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਰਮਨ ਕੁਮਾਰ ਅਨੁਸਾਰ ਉਸ ਵਲੋਂ ਰਾਹਗੀਰਾਂ ਦੀ ਮਦਦ ਨਾਲ ਆਪਣੇ ਭਰਾ ਨੂੰ ਪਹਿਲਾਂ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਲਿਜਾਇਆ ਗਿਆ, ਜਿਥੋਂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ, ਪਰ ਉਥੇ ਬੈੱਡ ਉਪਲੱਬਧ ਨਾ ਹੋਣ ਕਾਰਨ ਉਸ ਨੂੰ ਦਾਖ਼ਲ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਉਹ ਰੋਹਨ ਨੂੰ ਮੈਕਸ ਹਸਪਤਾਲ ਮੁਹਾਲੀ ਵਿਖੇ ਲੈ ਕੇ ਆਏ, ਪਰ ਗੰਭੀਰ ਹਾਲਤ ਦੇ ਮੱਦੇਨਜ਼ਰ ਡਾਕਟਰਾਂ ਨੇ ਉਸ ਨੂੰ ਦਾਖ਼ਲ ਨਹੀਂ ਕੀਤਾ। ਆਖ਼ਿਰਕਾਰ ਰੋਹਨ ਨੂੰ ਮੁਹਾਲੀ ਦੇ ਸੈਕਟਰ-69 ਸਥਿਤ ਐੱਮ. ਵਾਈ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਕਿ 19 ਅਕਤੂਬਰ ਨੂੰ ਸ਼ਾਮ ਦੇ ਕਰੀਬ 6 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਰੋਹਨ ਕੁਮਾਰ ਦੇ ਬਿਆਨ ਦਰਜ ਕਰਨ ਲਈ ਡਾਕਟਰੀ ਰਾਏ ਲਈ ਗਈ ਸੀ, ਪਰ ਡਾਕਟਰਾਂ ਨੇ ਉਸ ਨੂੰ ਬਿਆਨ ਦੇਣ ਦੇ ਯੋਗ ਨਹੀਂ ਦੱਸਿਆ ਸੀ। ਉਸ ਦੀ ਮੌਤ ਤੋਂ ਬਾਅਦ ਲਾਸ਼ ਸਿਵਲ ਹਸਪਤਾਲ ਫੇਜ਼-6 ਮੁਹਾਲੀ ਦੀ ਮੋਰਚਰੀ ਵਿਖੇ ਰਖਵਾ ਦਿੱਤੀ ਗਈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 106 (1), 281 ਅਤੇ 324 (4) ਤਹਿਤ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਾਰ ਚਾਲਕ ਦੀ ਪਛਾਣ ਕਰਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁਟੀ ਹੋਈ ਹੈ।
ਪਿਛਲੀ ਖ਼ਬਰ ਪਿੰਡ ਕਾਠਗੜ੍ਹ ’ ਚ ਵਿਕਾਸ ਕਾਰਜਾਂ ਦੀ ਜਲਦ ਹੋਵੇਗੀ ਸ਼ੁਰੂਆਤ - ਕੌਂਸਲ ਪ੍ਰਧਾਨ ਵਿਰਕ ਅਗਲੀ ਖ਼ਬਰ ਸਾਂਝੇ ਮੰਚ ਦੇ ਸੱਦੇ ’ ਤੇ ਪਾਵਰਕਾਮ ਦੀਆਂ ਵੱਖ - ਵੱਖ ਜਥੇਬੰਦੀਆਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।