23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਚੰਡੀਗੜ੍ਹ 'ਚ ਕਾਨੂੰਨ-ਵਿਵਸਥਾ ਮਜ਼ਬੂਤੀ ਲਈ ਗ੍ਰਹਿ ਸਕੱਤਰ ਸਰਗਰਮ, ਨਵੀਂ ਫ਼ੌਜਦਾਰੀ ਪ੍ਰਣਾਲੀ ਲਾਗੂ ਕਰਨ ਲਈ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਅਜੀਤ ਡੈਸਕ 08-05-2026
ਚੰਡੀਗੜ੍ਹ, 7 ਮਈ (ਸੰਦੀਪ ਕੁਮਾਰ ਮਾਹਨਾ)–ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (ਯੂ ਟੀ) 'ਚ ਕਾਨੂੰਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਨੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸਤਰਿਤ ਸਮੀਖਿਆ ਕਰਦਿਆਂ ਜਾਂਚ ਪ੍ਰਣਾਲੀ ਨੂੰ ਹੋਰ ਪੇਸ਼ੇਵਰ ਬਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਦੀ ਅਗਵਾਈ ਹੇਠ ਹੋਈ ਇਸ ਉੱਚ ਪੱਧਰੀ ਮੀਟਿੰਗ ਵਿਚ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਯੂ.ਟੀ. ਚੰਡੀਗੜ੍ਹ 'ਚ ਨਵੇਂ ਤਿੰਨ ਫ਼ੌਜਦਾਰੀ ਕਾਨੂੰਨਾਂ ਦੀ ਲਾਗੂ ਕਰਨ ਦੀ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ | ਇਸ ਦੇ ਨਾਲ ਹੀ ਨਵੇਂ ਪੁਲਿਸ ਥਾਣਿਆਂ ਦੇ ਨਿਰਮਾਣ ਨਾਲ ਸੰਬੰਧਿਤ ਚੱਲ ਰਹੇ ਢਾਂਚਾ ਗਤ ਪ੍ਰੋਜੈਕਟਾਂ ਦੀ ਪ੍ਰਗਤੀ ਤੇ ਚੰਡੀਗੜ੍ਹ ਪੁਲਿਸ ਵਿਚ ਮਨੁੱਖੀ ਸੰਸਾਧਨਾਂ ਦੀ ਵਾਧੂ ਲੋੜ 'ਤੇ ਵੀ ਚਰਚਾ ਕੀਤੀ ਗਈ | ਗ੍ਰਹਿ ਸਕੱਤਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੰਘਣੇ ਅਪਰਾਧਾਂ, ਐਨ.ਡੀ.ਪੀ.ਐਸ ਮਾਮਲਿਆਂ ਤੇ ਸਾਈਬਰ ਅਪਰਾਧਾਂ ਵਿਚ ਦੋਸ਼ ਸਾਬਤ ਦਰ ਵਧਾਉਣ ਲਈ ਖ਼ਾਸ ਯਤਨ ਕੀਤੇ ਜਾਣ | ਉਨ੍ਹਾਂ ਨੇ ਕਿਹਾ ਕਿ ਜਾਂਚ ਪ੍ਰਕਿਰਿਆ ਨੂੰ ਸਬੂਤ-ਆਧਾਰਿਤ, ਪੇਸ਼ੇਵਰ ਅਤੇ ਸਮਾਂਬੱਧ ਬਣਾਉਣ ਲਈ ਆਧੁਨਿਕ ਫੋਰੈਂਸਿਕ ਤੇ ਵਿਗਿਆਨਕ ਤਕਨੀਕਾਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਈ ਜਾਵੇ | ਇਸ ਮੌਕੇ ਜਾਂਚ ਅਧਿਕਾਰੀਆਂ ਲਈ ਸਮਰੱਥਾ ਵਿਕਾਸ ਪ੍ਰੋਗਰਾਮਾਂ ਤੇ ਵਿਸ਼ੇਸ਼ ਸਿਖਲਾਈ 'ਤੇ ਵੀ ਜ਼ੋਰ ਦਿੱਤਾ ਗਿਆ | ਕ੍ਰਾਈਮ ਸੀਨ ਮੈਨੇਜਮੈਂਟ, ਸਾਈਬਰ ਫੋਰੈਂਸਿਕ, ਡਿਜੀਟਲ ਸਬੂਤਾਂ ਦੀ ਜਾਂਚ ਤੇ ਕਾਨੂੰਨੀ ਪ੍ਰਕਿਰਿਆਵਾਂ ਨਾਲ ਸੰਬੰਧਿਤ ਸਿਖਲਾਈ ਨੂੰ ਮਜ਼ਬੂਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ | ਨਾਲ ਹੀ ਈ-ਸਾਕਸ਼ਿਆ ਪ੍ਰਣਾਲੀ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਡਿਜੀਟਲ ਸਬੂਤਾਂ ਦੀ ਸੰਭਾਲ ਅਤੇ ਦਸਤਾਵੇਜ਼ੀਕਰਨ ਨੂੰ ਸੁਧਾਰਨ 'ਤੇ ਵੀ ਜ਼ੋਰ ਦਿੱਤਾ ਗਿਆ | ਸਾਈਬਰ ਅਪਰਾਧਾਂ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਜਨਤਕ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਲੋੜ ਉਜਾਗਰ ਕੀਤੀ ਗਈ | ਗ੍ਰਹਿ ਸਕੱਤਰ ਨੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਤਿਆਰ ਕਰ ਕੇ ਸੰਸਥਾਗਤ ਸਮਰੱਥਾ ਅਤੇ ਖ਼ਾਸ ਹੁਨਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਹਦਾਇਤ ਦਿੱਤੀ | ਟਰੈਫ਼ਿਕ ਪ੍ਰਬੰਧਨ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਟਰੈਫ਼ਿਕ ਸਿਗਨਲ ਪ੍ਰਣਾਲੀ ਨੂੰ ਵਾਹਨਾਂ ਦੀ ਆਵਾਜਾਈ ਅਨੁਸਾਰ ਡਾਇਨੈਮਿਕ ਬਣਾਇਆ ਜਾਵੇ ਤਾਂ ਜੋ ਜਾਮ ਦੀ ਸਮੱਸਿਆ ਘੱਟ ਹੋਵੇ ਤੇ ਆਵਾਜਾਈ ਸੁਚਾਰੂ ਬਣੇ | ਇਸ ਦੇ ਨਾਲ ਹੀ ਟਰੈਫ਼ਿਕ ਪੁਲਿਸ ਵੱਲੋਂ ਲਾਗੂ ਕੀਤੇ ਗਏ ਬਾਡੀ ਕੈਮਰਿਆਂ ਦੀ ਪ੍ਰਭਾਵਸ਼ਾਲੀ ਵਰਤੋਂ 'ਤੇ ਵੀ ਜ਼ੋਰ ਦਿੱਤਾ ਗਿਆ ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੋਰ ਮਜ਼ਬੂਤੀ ਮਿਲੇਗੀ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਟਰੈਵਲ ਏਜੰਟਾਂ ਤੇ ਇਮੀਗ੍ਰੇਸ਼ਨ ਧੋਖਾਧੜੀ 'ਤੇ ਸਖ਼ਤ ਨਿਗਰਾਨੀ ਲਈ ਨਵਾਂ ਕਾਨੂੰਨ ਲਾਗੂ <br/> ਅਗਲੀ ਖ਼ਬਰ ਭਾਰਤ ਦੇ 11 ਜਹਾਜ਼ਾਂ ਨੇ ਹੋਰਮੁਜ਼ ਕੀਤਾ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।