ਲੁਧਿਆਣਾ, 19 ਫਰਵਰੀ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਵਲੋਂ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਆਤਮ ਨਗਰ ਵਿਖੇ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਕੇ ਗੁਜ਼ਾਰਾ ਕਰ ਰਹੀ ਹੈ ਤੇ 50 ਏਕੜ ਪਟਿਆਲਾ ਵਿਖੇ ਜੋ ਬਿਜਲੀ ਬੋਰਡ ਦੀ ਜ਼ਮੀਨ ਪੁੱਡਾ ਨੂੰ ਵੇਚ ਦਿੱਤੀ ਗਈ, ਜੋ ਪੰਜਾਬ ਸਰਕਾਰ ਦੀ ਮਾੜੀ ਨੀਤੀ ਹੈ | ਇਸੇ ਤਰ੍ਹਾਂ ਬਿਜਲੀ ਬੋਰਡ ਦੀਆਂ ਹੋਰ ਜਾਇਦਾਦਾਂ ਨੂੰ ਸਰਕਾਰ ਵੇਚਣ ਜਾ ਰਹੀ ਹੈ, ਜਿਸ ਤਰ੍ਹਾਂ ਪਾਵਰ ਕਲੋਨੀ ਲੁਧਿਆਣਾ ਤੇ ਹੋਰ ਪਾਵਰਕਾਮ ਦੀਆਂ ਜਾਇਦਾਦਾਂ ਨੂੰ ਵੇਚਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਪਾਵਰਕਾਮ ਦੇ ਗੈਸ ਹਾਊਸ ਤੇ ਕਬਜ਼ਾ ਕੀਤਾ ਗਿਆ ਹੈ | ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੁਝ ਵੀ ਦੇਣ ਦੀ ਬਜਾਏ ਲੱਖਾਂ ਕਰੋੜਾਂ ਦਾ ਕਰਜ਼ਾ ਪੰਜਾਬ ਤੇ ਚਾੜ ਕੇ ਰੱਖ ਦਿੱਤਾ ਹੈ | ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਪ੍ਰਧਾਨ ਅਗਰ ਨਗਰ, ਹਰਬੰਸ ਸਿੰਘ ਭੋਲਾ, ਗੁਰਮਿੰਦਰ ਸਿੰਘ ਢੈਪਈ, ਦਲਜੀਤ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ, ਸੰਤੋਸ਼ ਮੋਰਿਆ, ਪ੍ਰਦੀਪ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ |