ਨੌਸ਼ਹਿਰਾ ਪਨੂੰਆਂ, 17 ਫਰਵਰੀ (ਦੀਪਕ ਮੈਣੀ)- ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਲਈ ਦੱਸ ਲੱਖ ਰੁਪਏ ਵਾਲੀ ਸਿਹਤ ਬੀਮਾ ਸਕੀਮ ਸ਼ਰੂ ਕੀਤੀ ਗਈ ਹੈ, ਲੱਖਾਂ ਰੁਪਏ ਪ੍ਰਚਾਰ 'ਤੇ ਖਰਚ ਕੀਤੇ ਜਾ ਰਹੇ ਹਨ | ਲੇਕਿਨ ਦੱਸ ਲੱਖ ਰੁਪਏ ਵਾਲਾ ਸਿਹਤ ਬੀਮਾ ਕਾਰਡ ਬਣਾਉਣ ਲਈ ਲਗਾਏ ਜਾ ਰਹੇ ਕੈਂਪੰ ਵਿਚ ਲੋਕਾਂ ਦੀ ਰੱਜ ਕੇ ਖ਼ੱਜਲ ਖੁਆਰੀ ਹੋ ਰਹੀ ਹੈ | ਪੰਜਾਬ ਸਰਕਾਰ ਵਲੋਂ ਅਧੂਰੀ ਤਿਆਰੀ ਤਹਿਤ ਜਲਦਬਾਜੀ ਵਿਚ ਇਸ ਸਕੀਮ ਦਾ ਐਲਾਨ ਕਰ ਦਿੱਤਾ ਗਿਆ | ਅੱਜ ਸਥਾਨਕ ਪਿੰਡ ਦੀ ਪੱਤੀ ਅਬਦਾਲ ਵਿਖੇ ਲਗਾਏ ਕੈਂਪ ਵਿਚ ਪਹੁੰਚੇ ਸਰਕਾਰੀ ਅਧਿਕਾਰੀਆਂ ਨੂੰ ਕਾਰਡ ਬਣਾਉਣ ਦੀ ਪੂਰੀ ਜਾਣਕਾਰੀ ਨਹੀਂ ਸੀ, ਕਾਰਡ ਸਮੇਂ ਪੇਸ਼ ਆ ਰਹੀਆ ਮੁਸ਼ਕਿਲਾਂ ਬਾਰੇ ਅਪਣੇ ਉੱਚ ਅਧਿਕਾਰੀਆਂ ਜਾਂ ਦਫ਼ਤਰ ਫੋਨ ਕਰਕੇ ਦੱਸਣਾ ਪੁੱਛਣਾ ਪੈ ਰਿਹਾ ਸੀ | ਇਕ ਪਰਿਵਾਰ ਦਾ ਕਾਰਡ ਬਣਾਉਣ ਲਈ ਇਕ ਘੰਟੇ ਤੋਂ ਵੱਧ ਸਮਾਂ ਲੱਗ ਰਿਹਾ ਸੀ, ਐਪ ਵਿਚ ਕਮੀਆਂ ਕਾਰਣ ਇਕ ਘੰਟੇ ਦਾ ਸਮਾਂ ਲੱਗਣ 'ਤੇ ਵੀ ਕਾਰਡ ਨਾ ਬਣਨ ਤੇ ਆਖਰਕਾਰ ਅਧਿਕਾਰੀ ਇਹ ਆਖਦੇ ਅਗਲੇ ਪਰਿਵਾਰ ਜਾਂ ਵਿਆਕਤੀ ਦਾ ਕਾਰਡ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੰਦੇ ਕਿ ਐਪ ਨਵੀਂ ਹੋਣ ਕਰਕੇ ਕਾਰਡ ਮੁਕੰਮਲ ਨਹੀਂ ਹੋ ਰਹੇ, ਅਸੀਂ ਆ ਰਹੀਆਂ ਮੁਸ਼ਕਿਲਾਂ ਬਾਰੇ ਉਪਰ ਦੱਸ ਰਹੇ ਹਾਂ | ਇਸ ਮੌਕੇ ਆਏ ਪਿੰਡ ਵਾਸੀਆਂ ਵਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਹਰ ਪਾਸੇ ਬੋਰਡ ਜਾਂ ਹੋਡਿੰਗ ਲਗਾ ਅਪਣੀ ਮਸ਼ਹੂਰੀ ਕਰਾਉਣ ਦੀ ਜਗ੍ਹਾ, ਕਾਰਡ ਬਣਾਉਣ ਦੀ ਪੂਰੀ ਤਿਆਰੀ ਤੇ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਦੇ ਪਿੰਡ-ਪਿੰਡ ਕੈਂਪ ਲਾਉਣੇ ਚਾਹੀਦੇ ਹਨ, ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਤੇ ਕਾਰਡ ਵੀ ਬਣਨ |