ਤਲਵੰਡੀ ਸਾਬੋ (ਬਠਿੰਡਾ), 23 ਨਵੰਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਦੇ ਮੌੜ ਰੋਡ 'ਤੇ ਬਾਅਦ ਦੁਪਹਿਰ ਵਾਪਰੇ ਇਕ ਮੰਦਭਾਗੇ ਸੜਕੀ ਹਾਦਸੇ 'ਚ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਚੋਂ ਦੋ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖ਼ਮੀ ਹੈ।
ਮਿਲੀ ਜਾਣਕਾਰੀ ਅਨੁਸਾਰ, ਮਾਨਸਾ ਜਿਲ੍ਹੇ ਦੇ ਪਿੰਡ ਧਿੰਗੜ ਦੇ ਤਿੰਨ ਨੌਜਵਾਨ ਆਪਣੇ ਹੀਰੋ ਹੋਂਡਾ ਮੋਟਰਸਾਈਕਲ ਨੰਬਰ ਪੀ ਬੀ 31 ਐਲ਼ 2776 ਤੇ ਸਵਾਰ ਹੋ ਕੇ ਮੌੜ ਰੋਡ ਤੇ ਜਾ ਰਹੇ ਸਨ ਕਿ ਅੱਗਿਓਂ ਆਉਂਦੀ ਇਕ ਸਵਿਫਟ ਕਾਰ ਨੰਬਰ ਪੀ. ਬੀ, 03 ਬੀ ਟੀ 8783 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ਵਿਚ ਮੋਟਰਸਾਇਕਲ ਸਵਾਰ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਇਕ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਬਠਿੰਡਾ ਰੈਫ਼ਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਹਰਜੀਤ ਸਿੰਘ (24), ਚੰਨਪ੍ਰੀਤ ਸਿੰਘ (23) ਵਜੋਂ ਜਦੋਂਕਿ ਜ਼ਖ਼ਮੀ ਦੀ ਪਛਾਣ ਲਵਪ੍ਰੀਤ ਸਿੰਘ ਵਾਸੀਆਨ ਪਿੰਡ ਧਿੰਗੜ (ਮਾਨਸਾ) ਵਜੋਂ ਹੋਈ ਹੈ।