ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)- ਰਾਜ ਕਰ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਪਾਰੀਆਂ ਦੇ ਮੁੱਦਿਆਂ ਦੇ ਹੱਲ ਲਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਟਰੇਡਰਸ ਕੈਂਪ ਭਲਕੇ 18 ਫਰਵਰੀ ਨੂੰ ਬਾਠ ਰੋਡ ਨਜ਼ਦੀਕ ਬੱਸ ਸਟੈਂਡ ਤਰਨ ਤਾਰਨ ਵਿਖੇ ਬਾਅਦ ਦੁਪਹਿਰ 2 ਵਜੇ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ ਨੇ ਇਸ ਕੈਂਪ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦਾ ਉਦੇਸ਼ ਵਪਾਰੀ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਅਤੇ ਉਨਾਂ ਦੇ ਵਡਮੁੱਲੇ ਸੁਝਾਅ ਲੈਣਾ ਹੈ | ਇਸ ਮੌਕੇ ਉਨਾਂ ਕੈਂਪ ਦੀਆਂ ਸਮੁੱਚੀਆਂ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੈਂਪ ਦੀ ਸਫਲਤਾ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਜ਼ਿਲ੍ਹੇ ਦੇ ਵਪਾਰੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ | ਇਸ ਮੌਕੇ ਐਸ.ਡੀ.ਐਮ ਤਰਨ ਤਾਰਨ ਗੁਰਮੀਤ ਸਿੰਘ ਮਾਨ, ਐੱਸ.ਡੀ.ਐਮ ਖਡੂਰ ਸਾਹਿਬ ਸੰਜੀਵ ਕੁਮਾਰ, ਐੱਸ.ਪੀ ਹੈਡ ਕੁਆਰਟਰ ਖੁਸ਼ਬੀਰ ਕੌਰ, ਸਹਾਇਕ ਰਾਜ ਤੇ ਕਰ ਕਮਿਸ਼ਨਰ ਅੰਜਲੀ ਸਿੰਘ, ਜੀ.ਐੱਮ ਜਿਲ੍ਹਾ ਉਦਯੋਗ ਕੇਂਦਰ ਸੁਖਪਾਲ ਸਿੰਘ, ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਹਰਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |