ਤਰਨ ਤਾਰਨ, 29 ਜਨਵਰੀ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਰਨ ਦੇ ਡਿਪਟੀ ਕਮਿਸ਼ਨਰ ਅਤੇ ਆਤਮਾ ਦੇ ਚੇਅਰਮੈਨ ਸ੍ਰੀ ਰਾਹੁਲ ਦੇ ਹੁਕਮਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਨੂੰ ਅੱਗ ਮੁਕਤ, ਜ਼ਹਿਰ ਮੁਕਤ ਅਤੇ ਬਾਗਬਾਨੀ ਯੁਕਤ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ, ਪ੍ਰਦਰਸ਼ਨੀਆਂ ਟ੍ਰੇਨਿੰਗ ਕੈਂਪਾਂ ਦੀ ਜਰੀਏ ਕਿਸਾਨਾਂ ਨੂੰ ਰਵਾਇਤੀ ਫਸਲਾਂ ਨੂੰ ਘੱਟ ਕਰਕੇ ਸਹਾਇਕ ਧੰਦੇ ਅਪਣਾਉਣ ਲਈ ਟ੍ਰੇਨਿੰਗਾਂ ਅਤੇ ਕਿਸਾਨ ਗੋਸ਼ਟੀਆਂ ਲਗਾਈਆਂ ਜਾ ਰਹੀਆਂ ਹਨ | ਇਸੇ ਲੜੀ ਨੂੰ ਅੱਗੇ ਤੋਰਦਿਆਂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ: ਤੇਜਬੀਰ ਸਿੰਘ ਭੰਗੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਫਾਰਮਰ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਬੀ.ਟੀ.ਟੀ. ਇੰਚਾਰਜ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਬਲਾਕ ਫਾਰਮਰ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਆਤਮਾ ਦੇ 2026-27 ਦੇ ਸਲਾਨਾ ਐਕਸ਼ਨ ਪਲਾਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜ਼ਰ ਨੇ ਕਿਸਾਨ ਦੇ ਨਾਲ ਸਲਾਨਾ ਐਕਸ਼ਨ ਪਲਾਨ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਪ੍ਰਦਰਸ਼ਨੀ ਪਲਾਟ, ਸਕਿੱਲ ਡਿਵੈਲਪਮੈਂਟ ਕੰਪੋਨੈਂਟ, ਖਾਦ ਬੀਜ ਦਵਾਈਆਂ ਦੀ ਦੁਕਾਨ ਖੋਲ੍ਹਣ ਵਾਸਤੇ ਡਿਪਲੋਮਾ, ਕਿਸਾਨ ਐਵਾਰਡ, ਕਿਸਾਨ ਮਿੱਤਰਾਂ ਨੂੰ ਦਿੱਤਾ ਜਾਣ ਵਾਲਾ ਸਲਾਨਾ ਭੱਤਾ ਅਤੇ ਹੋਰ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਬਲਾਕ ਟੈਕਨੋਲੋਜੀ ਟੀਮ ਅਤੇ ਬਲਾਕ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਨੇ ਡਾ. ਯਾਦਵਿੰਦਰ ਸਿੰਘ ਦੁਆਰਾ ਪੇਸ਼ ਕੀਤੇ ਗਏ ਸਲਾਨਾ ਐਕਸ਼ਨ ਪਲਾਨ ਦੀ ਪ੍ਰੋੜਤਾ ਕੀਤੀ ਅਤੇ ਇਸ ਨੂੰ ਹੈਡਕੁਆਟਰ ਤੇ ਭੇਜਣ ਵਾਸਤੇ ਪ੍ਰਵਾਨਗੀ ਦਿੱਤੀ | ਡਾ. ਯਾਦਵਿੰਦਰ ਸਿੰਘ ਨੇ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਰਿਵਾਇਤੀ ਫਸਲਾਂ ਨੂੰ ਘੱਟ ਕਰਕੇ ਤੇਲ ਬੀਜ ਦਾਲਾਂ ਅਤੇ ਦਵਾਈਆਂ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜੋ ਕਿ ਸਮੇਂ ਦੀ ਮੁਢਲੀ ਲੋੜ ਹੈ | ਅਜਿਹੀਆਂ ਫ਼ਸਲਾਂ ਦੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ | ਮਿੱਟੀ ਦੀ ਸਿਹਤ ਬਣਦੀ ਹੈ ਅਤੇ ਖਪਤਕਾਰਾਂ ਨੂੰ ਚੰਗੇ ਉਤਪਾਦ ਮਿਲ ਜਾਂਦੇ ਹਨ | ਉਨ੍ਹਾਂ ਨੇ ਦੱਸਿਆ ਕਿ ਸਾਨੂੰ ਖੇਤੀ ਦੇ ਨਾਲ ਸਹਾਇਕ ਧੰਦੇ ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਡੇਅਰੀ ਅਤੇ ਹੋਰ ਅਜਿਹੇ ਧੰਦਿਆਂ ਨੂੰ ਅਪਣਾਉਣਾ ਪਵੇਗਾ, ਜਿਸ ਦੇ ਨਾਲ ਸਾਡੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਅਸੀਂ ਕੁਦਰਤੀ ਸੋਮਿਆਂ ਨੂੰ ਬਚਾਉਣ ਵਿਚ ਸਰਕਾਰ ਅਤੇ ਵਿਭਾਗ ਦਾ ਸਾਥ ਦੇ ਸਕਦੇ ਹਾਂ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਲੋੜੀਆਂ ਸਪਰੇਆਂ ਤੋਂ ਬਚਿਆ ਜਾਵੇ ਅਤੇ ਸਮੇਂ ਸਮੇਂ ਸਿਰ ਆਪਣੀ ਫ਼ਸਲ ਦਾ ਨਿਰੀਖਣ ਕੀਤਾ ਜਾਵੇ ਅਤੇ ਜੇ ਕਿਤੇ ਪੀਲੀ ਕੂੰਗੀ ਦਾ ਹਮਲਾ ਨਜ਼ਰ ਆਉਂਦਾ ਹੈ, ਇਸ ਸਬੰਧੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ | ਅਖੀਰ ਵਿਚ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਜਾਂਦੀਆਂ ਸਬਸਿਡੀਆਂ ਦਾ ਲਾਭ ਲੈਣ ਅਤੇ ਵਿਭਾਗ ਵਲੋਂ 50 ਫ਼ੀਸਦੀ ਸਬਸਿਡੀ ਤੇ ਆਈ ਜਿਪਸਮ ਆਪਣੇ ਖੇਤਾਂ ਵਿਚ ਪਾ ਕੇ ਮਿੱਟੀ ਦੀ ਗੁਣਵੱਤਾ ਬਣਾਉਣ ਤਾਂ ਹਵਾ ਅਤੇ ਪਾਣੀ ਦਾ ਸਹੀ ਤਰੀਕੇ ਨਾਲ ਅਦਾਨ ਪ੍ਰਦਾਨ ਹੋ ਸਕੇ | ਇਸ ਮੌਕੇ ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜ਼ਰ, ਗੁਰਮੇਜ ਸਿੰਘ ਚੇਅਰਮੈਨ, ਹਰਪਾਲ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਮੰਗਲ ਦਾਸ, ਕਿ੍ਸ਼ਨ ਕੁਮਾਰ, ਤਰਸੇਮ ਸਿੰਘ, ਵਜ਼ੀਰ ਸਿੰਘ, ਹੀਰਾ ਸਿੰਘ, ਹਰਪਾਲ ਸਿੰਘ, ਰਸ਼ਪਾਲ ਸਿੰਘ, ਕਰਮ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਬੇਲਦਾਰ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ |