ਫਤਿਆਬਾਦ, 29 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਕਸਬਾ ਫਤਿਆਬਾਦ ਵਿਖੇ ਗੁਰਦੁਆਰਾ ਨਿਰਮਲ ਆਸ਼ਰਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਵੇਲੇ ਰਹਿਰਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਸਿੰਘਾਂ ਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਗੁਰੂ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਕਰਮ ਸਿੰਘ ਸਾਹਨੀ ਹਜੂਰੀ ਰਾਗੀ ਗੁਰਦੁਆਰਾ ਨਾਨਕ ਪੜਾਓ ਸਾਹਿਬ, ਭਾਈ ਗੁਰਦੇਵ ਸਿੰਘ ਕੁਹਾੜਕਾ ਹਜੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਪੰਥ ਪ੍ਰਸਿੱਧ ਕਥਾਵਾਚਕ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਸੇਵਾ ਮੁਕਤ ਹੈਡ ਗ੍ਰੰਥੀ ਦਰਬਾਰ ਸਾਹਿਬ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਦਾ ਜੀਵਨ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ, ਜਿਸ ਤੋਂ ਸਾਨੂੰ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਜੀਵਨ ਜਿਊਣ ਦੀ ਪ੍ਰੇਰਨਾ ਮਿਲਦੀ ਹੈ | ਸਿੰਘ ਸਾਹਿਬ ਨੇ ਸਮੂਹ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਨਾ ਵੀ ਦਿੱਤੀ | ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਭਾਈ ਅਮਰਜੀਤ ਸਿੰਘ ਅੰਮਿ੍ਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਬਾਬਾ ਜੀ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ | ਇਸ ਮੌਕੇ ਹੈਡ ਗ੍ਰੰਥੀ ਭਾਈ ਜਸਕਰਨ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਪ੍ਰਬੰਧਕਾਂ ਵਲੋਂ ਸਿੰਘ ਸਾਹਿਬ ਕੀਰਤਨੀ ਜਥਿਆਂ ਤੋਂ ਇਲਾਵਾ ਧਾਰਮਿਕ ਸਮਾਗਮਾਂ 'ਚ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵਰਤਾਏ ਗਏ | ਵੱਡੀ ਗਿਣਤੀ ਵਿਚ ਸੰਗਤਾਂ ਨੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਚ ਹਾਜ਼ਰੀਆਂ ਭਰੀਆਂ |