ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)-ਨਾਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ (ਫਾਸਟ ਟਰੈਕ ਕੇਸ ਪੋਸਕੋ) ਦੀ ਅਦਾਲਤ ਵਲੋਂ ਫੈਸਲਾ ਦਿੰਦਿਆਂ ਮੁਲਜ਼ਮ ਨੂੰ ਬੱਚਿਆਂ ਵਿਰੁਧ ਜਿਣਸੀ ਸੋਸ਼ਣ ਦੇ ਦੋਸ਼ਾਂ ਦੀ ਧਾਰਾ 6 ਅਤੇ ਜਬਰ ਜਨਾਹ ਦੀ ਧਾਰਾ 376 ਅਧੀਨ ਦੋਸ਼ੀ ਠਹਿਰਾਉਂਦਿਆਂ 20 ਸਾਲ ਦੀ ਸਖਤ ਕੈਦ ਅਤੇ 40 ਹਜ਼ਾਰ ਰੁਪਿਆ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ | ਇਹ ਮਾਮਲਾ ਸਾਲ 2024 ਦਾ ਹੈ ਜਦੋਂ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਸੌਰਵ ਸ਼ਰਮਾ ਵਾਸੀ ਗਲੀ ਨੰਬਰ 11 ਗੁਰੁੂ ਨਾਨਕ ਪੁਰਾ ਕੋਟ ਖਾਲਸਾ ਇਸਲਾਮਾਬਾਦ ਨੂੰ ਨਾਮਜ਼ਦ ਕਰਕੇ ਗਿ੍ਫਤਾਰ ਕੀਤਾ ਗਿਆ ਸੀ | ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਮੁਲਜ਼ਮ ਖਿਲਾਫ ਦੋਸ਼ ਸਨ ਕਿ ਪੀੜਤਾ ਕੁੜੀ ਜਦੋਂ ਆਪਣੇ ਘਰ ਵਿਚ ਇਕੱਲੀ ਸੀ ਅਤੇ ਇਹ ਨੌਜਵਾਨ ਜੋ ਉਸਦੇ ਗੁਆਂਢ ਵਿਚ ਰਹਿੰਦਾ ਸੀ ਅਤੇ ਉਸਦੇ ਘਰ ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ ਕਿਉਂਕਿ ਉਸਦੇ ਉਸ ਨਾਲ ਭਰਾ-ਭੈਣ ਵਰਗਾ ਸਬੰਧ ਸੀ | 18 ਜਨਵਰੀ 24 ਤੋਂ 5-6 ਮਹੀਨੇ ਪਹਿਲਾਂ ਇਹ ਨੌਜਵਾਨ ਉਸਦੇ ਘਰ ਆਇਆ ਅਤੇ ਉਸਨੂੰ ਪ੍ਰਸ਼ਾਦ ਦਿੱਤਾ | ਪ੍ਰਸ਼ਾਦ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਜਦੋਂ ਉਸਨੂੰ ਹੋਸ਼ ਆਇਆ, ਤਾਂ ਉਸਨੇ ਆਪਣੇ ਆਪ ਨੂੰ ਬਿਨਾਂ ਕੱਪੜਿਆਂ ਦੇ ਪਾਇਆ ਅਤੇ ਮੁਲਜ਼ਮ ਨੇ ਆਪਣੇ ਨਾਲ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਤਹਿਤ ਉਸਨੇ ਉਸਦੀ ਸਹਿਮਤੀ ਤੋਂ ਬਿਨਾਂ ਕਈ ਵਾਰ ਉਸ ਨਾਲ ਜਬਰ ਜਨਾਹ ਕੀਤਾ |