ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਿੱਖਾਂ ਦੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਤੇ ਲਗਾਏ ਦੋਸ਼ਾਂ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਿ੍ਮ ਕਮੇਟੀ ਦੀ ਇਕੱਤਰਤਾ ਦੌਰਾਨ ਉਨ੍ਹਾਂ ਨੂੰ ਦੋਸ਼ ਸਾਬਿਤ ਕਰਨ ਲਈ 72 ਘੰਟੇ ਦਾ ਅਲਟੀਮੇਟਮ ਦੇਣ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ 'ਤੇ ਸੇਵਾ ਨਿਭਾਅ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਲਟੀਮੇਟਮ ਦੇਣਾ ਬਹੁਤ ਹੀ ਮੰਦਭਾਗਾ ਹੈ ਤੇ ਅਜਿਹਾ ਕਰਕੇ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਮੇਰੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਤੇ ਗੱਲਬਾਤ ਦੌਰਾਨ ਉਹ ਬਹੁਤ ਹੀ ਜਿਆਦਾ ਭਾਵੁਕ ਹੋ ਗਏ ਸਨ | ਉਨ੍ਹਾਂ ਕਿਹਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਅਸੀਂ ਦੋਵੇਂ ਮਿਲ ਕੇ ਪੰਜਾਬ ਵਿਚੋਂ ਭੀਖ ਮੰਗ ਕੇ ਬਾਦਲ ਪਰਿਵਾਰ ਦੇ ਘਰ ਜਾ ਕੇ ਦੇਵਾਂਗੇ ਤਾਂ ਜੋ ਬਾਦਲ ਪਰਿਵਾਰ ਦਾ ਢਿੱਡ ਭਰ ਸਕੇ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੁਖਬੀਰ ਲਿਆਓ ਪੰਜਾਬ ਬਚਾਓ ਮੁਹਿੰਮ ਤੇ ਤਿੱਖਾ ਤਨਜ਼ ਕਸਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਨੂੰ ਲਿਆਉਣ ਵਾਲਿਆਂ ਨੂੰ ਬਾਦਲ ਭਜਾਓ ਗੁਰਦੁਆਰੇ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਅਤੇ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜ਼ਮੀਨਾਂ ਨੂੰ ਬਹੁਤ ਹੀ ਘੱਟ ਰੇਟਾਂ ਤੇ ਠੇਕੇ 'ਤੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਵਲੋਂ ਸੁਮੇਧ ਸੈਣੀ ਨੂੰ ਡੀ.ਜੀ.ਪੀ ਲਗਾਇਆ ਗਿਆ ਅਤੇ ਨੌਜਵਾਨਾਂ ਦਾ ਕਤਲ ਕਰਨ ਵਾਲੇ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਗਈ ਅਤੇ ਇਸ ਤੋਂ ਬਾਅਦ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ ਗਈ, ਜਿਸ ਦੀ ਗਲਤੀ ਸੁਖਬੀਰ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਕਬੂਲੀ ਗਈ ਸੀ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਵਲੋਂ ਲਿਆਂਦੇ ਨਸ਼ਿਆਂ ਕਾਰਨ ਮਾਵਾਂ ਦੇ ਪੁੱਤ ਮਾਂ ਦੇ ਮੂੰਹ ਵਿਚ ਜਾ ਰਹੇ ਹਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਤੇ ਠੱਲ ਪਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪਿ੍ਥੀਪਾਲ ਸਿੰਘ ਘੋਨੇਵਾਲਾ, ਰਮਦਾਸ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਰਪੰਚ ਸੰਤੋਖ ਸਿੰਘ ਜੌਹਲ ਕੋਟ ਗੁਰਬਖਸ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਹਰਦੇਵ ਸਿੰਘ ਜੰਗਾ ਭੋਏਵਾਲੀ, ਬਲਾਕ ਪ੍ਰਧਾਨ ਸਾਹਿਬ ਸਿੰਘ ਫੌਜੀ ਰਾਏਪੁਰ ਕਲਾਂ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ ਅਤੇ ਸਰਪੰਚ ਅੰਮਿ੍ਤਪਾਲ ਸਿੰਘ ਪੰਡੋਰੀ ਆਦਿ ਹਾਜ਼ਰ ਸਨ |
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਲਟੀਮੇਟਮ ਦੇਣਾ ਮੰਦਭਾਗਾ-ਕੁਲਦੀਪ ਸਿੰਘ ਧਾਲੀਵਾਲ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਗੱਲਬਾਤ ਕਰਦੇ ਹੋਏ ਨਾਲ ਖੜੇ੍ਹ ਬਲਾਕ ਸੰਮਤੀ ਮੈਂਬਰ ਪਿ੍ਥੀਪਾਲ ਸਿੰਘ ਘੋਨੇਵਾਲਾ, ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਰਪੰਚ ਸੰਤੋਖ ਸਿੰਘ ਜੌਹਲ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ ਅਤੇ ਪ੍ਰਧਾਨ ਸਾਹਿਬ ਸਿੰਘ ਫੌਜੀ ਰਾਏਪੁਰ ਕਲਾਂ ਤੇ ਹੋਰ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ<br/>
20-02-2026